Saturday, October 3, 2015

ਮੇਰੀ ਮੈਂ ਸਿਰਫ ਮੇਰੀ ਮੈਂ ਨਹੀਂ-ਪ੍ਰਮਿੰਦਰਜੀਤ -ਸਵੈਕਥਨ

ਆਪਣੇ ਬਾਹਰਲੇ ਖਰ੍ਹਵੇ, ਖੁਰਦਰੇ ਆਪੇ ਦੇ ਉਹਲੇ ਵਿੱਚ ਬੈਠਾ ਸੋਚ ਰਿਹਾ ਹਾਂਕੀ ਏਹੀ ਮੇਰੀ ਸਮੁੱਚਤਾ ਹੈ ? ਪਰ ਫੇਰ ਸੋਚਦਾਂ ਹਾਂ, ਮੈਂ ਇਸ ਤਰ੍ਹਾਂ ਦਾ ਸਪਸ਼ਟੀਕਰਨ ਦੇ ਹੀ ਕਿਉਂ ਰਿਹਾ ਹਾਂ । ਆਪਣੀ ਸਫ਼ਾਈ ਵਿਚ ਕੁਝ ਵੀ ਕਹਿਣ ਦੀ ਲੋੜ ਸ਼ਾਇਦ ਉਦੋਂ ਪੈਂਦੀ ਹੈ, ਜਦੋਂ ਕੋਈ ਵਿਸ਼ੇਸ਼ ਸਥਿਤੀ ਵਿੱਚ ਖੜ੍ਹਾ ਨਜ਼ਰ ਆਵੇ । ਮੈਂ ਹਰਗਿਜ਼ ਅਜੇਹੀ ਕਿਸੇ ਵਿਸ਼ੇਸ਼ ਸਥਿਤੀ ਵਿਚ ਨਹੀਂ ਪਹੁੰਚਾ, ਪਰ ਆਪਣੇ ਨਾਲ ਵਾਪਰੇ ਕਈ ਅਨੁਭਵਾਂ ਤੇ ਨਿੱਤ ਨਵੇਂ ਵਰਤਾਰਿਆਂ ਵਿੱਚੋਂ ਗੁਜ਼ਰ ਰਿਹਾ । ਮੈਂ ਆਪਣੀ ਵਜੂਦ ਦੀ ਪਾਰਦਰਸ਼ਤਾ ਨੂੰ ਧੁੰਦਲੀ ਕਰਨ ਦੇ ਯਤਨਾਂ ਦੀ ਕਾਰਗੁਜ਼ਾਰੀ ਨੂੰ ਜ਼ਰੂਰ ਵੇਖ ਰਿਹਾ ਹੁੰਦਾ ਹਾਂ ਤੇ ਸੰਤ ਕਬੀਰ ਨੇ ਅਮਰ ਬੋਲਾਂ ਦੀ ਓਟ ਜ਼ਰੂਰ ਲੈ ਲੈਂਦਾ ਹਾਂ ।
ਨਿੰਦੋ ਨਿੰਦੋ ਮੋ ਕੋ ਨਿੰਦੋ
ਸੰਤ ਕਬੀਰ ਵਰਗੀ ਸਵੈ-ਮਹਾਨਤਾ ਦਾ ਹਾਣੀ ਤਾਂ ਮੈਂ ਨਹੀਂ ਹਾਂ ਪਰ ਆਪਣੇ ਨਿੰਦਕਾਂ ਦੀ ਮਾਨਸਿਕਤਾ ਨੂੰ ਪਛਾਣਨ ਲਈ ਯਤਨਸ਼ੀਲ ਜ਼ਰੂਰ ਰਹਿੰਦਾ ਹਾਂ, ਜਦੋਂ ਕਦੇ ਆਪਣੇ ਹਾਣ ਦੀ ਨਿੰਦਿਆਂ ਸਾਹਵੇਂ ਖਲੋਣ ਦਾ ਮੌਕਾ ਮਿਲ ਜਾਏ ਤਾਂ ਉਸ ਨੂੰ ਸਵੀਕਾਰ ਕੀਤੇ ਜਾਣ ਦੀ ਦਲੇਰੀ ਵੀ ਮੇਰੇ ਵਿਚ ਹੈ ਪਰ ਮੇਰੀ ਮਾਸੂਮੀਅਤ ਉਸ ਵੇਲੇ ਖਰ੍ਹਵੀ-ਖੁਰਦਰੀ ਜ਼ਰੂਰ ਹੋ ਜਾਂਦੀ ਹੈ, ਜਦੋਂ ਬੌਣੀਆਂ ਇਬਾਰਤਾਂ ਮੇਰਾ ਵਜੂਦ ਧੁਆਂਖਣ ਦੇ ਯਤਨ ਕਰਨ ਲੱਗ ਪੈਂਦੀਆਂ ਹਨ । ਸਭ ਤੋਂ ਵੱਡਾ ਨਿੰਦਕ ਤਾਂ ਆਪਣਾ ਤਾਂ ਮੈਂ ਆਪ ਹੀ ਹਾਂ । ਮੈਨੂੰ ਆਪਣੇ ਨਾਲ ਨਾਲ ਤੁਰਦੇ ਵਾ ਵਰੋਲਿਆਂ ਦਾ ਪਤਾ ਹੈ । ਆਪਣੀ ਸੂਖਮਤਾ ਨੂੰ ਮੈਂ ਅਥਾਹ ਬਰੇਤਿਆਂ ਤੇ ਐਵੇਂ ਹੀ ਵਰਸਣ
ਦਿੱਤਾ ਹੈ । ਆਪਣੇ ਅੰਦਰਲੀ ਸੂਖਮਤਾ ਤੇ ਸੰਵੇਦਨਾ ਦੀ ਹੋਈ ਬੇਲੋੜੀ ਵਰਤੋਂ ਨੇ ਹੀ ਮੈਨੂੰ ਕਈ ਥਾਈਂ ਖਰ੍ਹਵੀਆਂ ਸਥਿਤੀਆਂ ਦੇ ਸਾਹਮਣੇ ਲਿਆ ਖਲਾਰਿਆ ਹੈ । ਮੈਂ ਬਹੁਤੇ ਮਾਣ ਦਾਅਵੇ ਕਰ ਲੈਣ ਦਾ ਕਸੂਰਵਾਰ ਜ਼ਰੂਰ ਹਾਂ । ਮਾਣ ਦਾਅਵਿਆਂ ਦੇ ਤਿੜਕਣ ਦਾ ਅਹਿਸਾਸ ਨਿਰਸੰਦੇਹ ਪੀੜਤ ਤਾਂ ਕਰਦਾ ਹੀ ਹੈ, ਮੈਂ ਵੀ ਪੀੜਤ ਹੁੰਦਾ ਹਾਂ । ਅੰਦਰ ਵਾਪਰਦੇ ਵਰਤਾਰੇ ਕਈ ਵਾਰ ਬਾਹਰਮੁੱਖੀ ਵੀ ਹੋ ਜਾਂਦੇ ਹਨ । ਪੀੜਤ ਮਾਨਸਿਕਤਾ ਨੇ ਆਪਣੇ ਲਗਨ ਲਈ ਕੋਈ ਨਾ ਕੋਈ ਸਥਿਤੀ ਅਖਤਿਆਰ ਤਾਂ ਕਰਨੀ ਹੀ ਹੁੰਦੀ ਹੈ । ਕਿਸੇ ਵੀ ਕਿਸਮ ਦੇ ਮਨਫ਼ੀ ਰਵੱਈਏ ਮੈਨੂੰ ਤਤਕਾਲ ਉਤੇਜਿਤ ਕਰ ਦੇਂਦੇ ਹਨ । ਮੋਮੋ ਠਗਣੀ ਮਾਨਸਿਕਤਾ ਵਾਲਾ ਕੁਝ ਵੀ ਮੈਨੂੰ ਕਦੇ ਰਾਸ ਨਹੀਂ
ਆਇਆ । ਜਦੋਂ ਕਦੇ ਵੀ ਮੇਰੀ ਪ੍ਰਤੀਕਿਰਿਆ ਕਿਸੇ ਨੂੰ ਰਾਸ ਨਹੀਂ ਆਉਂਦੀ, ਉਹ ਮੇਰੀ ਸੁਹਿਰਦਤਾ ਨੂੰ ਹੀ ਧੁਆਂਖਣ ਦੀ ਕੋਸ਼ਿਸ਼ ਜ਼ਰੂਰ ਕਰਦਾ ਹੈ । ਅਜੇਹੀਆਂ ਕੋਸ਼ਿਸ਼ਾਂ ਨਾਲ ਮੈਨੂੰ ਅਕਸਰ ਵਾਹ ਲੈਂਦਾ ਹੈ । ਮੈਂ ਆਪਣੀ ਨਿਹੱਥੀ ਲੜਾਈ ਵਿਚ ਕਿਸੇ ਨੂੰ ਸ਼ਾਮਲ ਨਹੀਂ ਕਰਦਾ, ਇਸੇ ਲਈ ਆਪਣੀ ਘਾਇਲ ਅਵਸਥਾ ਦਾ ਸੱਲ ਵੀ ਮੈਂ ਇਕਲਾ ਹੀ ਹੰਢਾਉਂਦਾਹਾਂ ।
ਕਿਸੇ ਵੀ ਰਚਨਾਕਾਰ ਦੀ ਰਚਨਾ ਵਿਚ ਪ੍ਰਤੀਬਿੰਬਤ ਹੋ ਰਹੀ ਮੈਂ ਜਾਂ ਉਸ ਦਾ ਸਵੈ ਪੂਰੇ ਦਾ ਪੂਰਾ ਉਹਦਾ ਨਹੀਂ ਹੁੰਦਾ । ਰਚਨਾਕਾਰ ਦੇ ਸਵੈ ਵਿਚ ਪੂਰੀ ਦੀ ਪੂਰੀ ਸਮਾਜਕਤਾ ਪਈ ਹੋਈ ਹੁੰਦੀ ਹੈ, ਜ਼ਿੰਦਗੀ ਦੇ ਸਰਬ ਵਰਤਾਰੇ ਦ੍ਰਿਸ਼ਟੀਗੋਚਰ ਹੋ ਰਹੇ ਹੁੰਦੇ ਹਨ । ਰਚਨਾਕਾਰ ਦੀ ਮੈਂ ਜਾਂ ਉਸ ਦਾ ਨਿੱਜ ਉਸ ਨੂੰ ਕਿਸੇ ਵਰਤਾਰੇ ਜਾਂ ਕਿਸੇ ਅਨੁਭਵ ਦਾ ਸੰਵੇਦਨਸ਼ੀਲ ਪ੍ਰਗਟਾਵਾ ਕਰਨ ਲਈ ਪ੍ਰੇਰਿਤ ਤੇ ਉਤਸ਼ਾਹਿਤ ਜ਼ਰੂਰ ਕਰਦਾ ਹੈ । ਮੈਂ ਜਾਂ ਨਿੱਜ ਤੋਂ ਆਰੰਭ ਹੋ ਕੇ ਗੱਲ ਸਮੂਹਕ ਸੰਵੇਦਨਾ ਤਕ ਪਹੁੰਚ ਜਾਣੀ ਹੀ ਸਿਰਜਣਸ਼ੀਲਤਾ ਹੈ । ਮੇਰੀਆਂ ਰਚਨਾਵਾਂ ਵਿੱਚ ਆਈ ਮੇਰੀ 'ਮੈਂ' ਮੇਰੇ ਕਿਸੇ ਆਰੋਪਿਤ ਸਵੈ ਮਾਣ ਜਾਂ ਹਉਮੈਂ ਦਾ ਪ੍ਰਗਟਾਵਾ ਨਹੀਂ ਹੈ । ਆਪਣੀ ਗੱਲ ਨੂੰ ਆਪਣੀ ਮੈਂ ਰਾਹੀਂ ਪ੍ਰਗਟ ਕਰਨ ਦੇ ਇਕ ਸਰਲ ਸਾਧਨ ਵੱਲ ਹੀ ਹੈ । ਜੇ ਮੇਰੀ 'ਮੈਂ' ਵਿਚ ਸਿਰਫ਼ ਮੇਰੇ ਆਪੇ ਦਾ ਹੀ ਚਿਤਰਣ ਹੁੰਦਾ ਤਾਂ ਗੱਲ ਪੇਤਲੀ ਜ਼ਰੂਰ ਹੋ ਜਾਣੀ ਸੀ । ਮੇਰੀ ਮੈਂ ਬਹੁਪਸਾਰੀ ਤੇ ਅਸੀਮ ਅਨੁਭਵਾਂ ਦੇ ਹਾਣ ਦੀ ਭਾਵੇਂ ਨਾ ਰਹੀ ਹੋਵੇ ਪਰ ਆਪਣੇ ਹਾਣ ਦੀ ਜ਼ਰੂਰ ਰਹੀ ਹੈ । ਮੈਂ ਪਰਤੱਖ ਦਿੱਸਣ ਲਈ ਨਾ ਤਾਂ ਵਿਦਰੋਹੀ ਹੋਇਆ ਹਾਂ ਨਾ ਹੀ ਕਿਸੇ ਵੱਖਰਤਾ ਲਈ ਯਤਨਸ਼ੀਲ ਹੋਇਆ ਹਾਂ । ਮੈਨੂੰ ਪਤਾ ਸੀ ਕਿ ਮੇਰੇ ਸਵੈ ਵਿਚ ਕਈ ਹੋਰ ਸਵੈ ਰੂਪਮਾਨ ਹੋ ਰਹੇ ਹਨ । ਮੇਰੇ ਵਰਗਾ ਜੀਵਿਆ ਗਿਆ ਜਾਂ ਜੀਵਿਆ ਜਾ ਰਿਹਾ ਕਦੀ ਹੋਰਨਾਂ ਦੇ ਹਾਣ ਦਾ ਵੀ ਹੋਇਆ ਹੋਵੇਗਾ । ਆਪਣੀ ਮੈਂ ਤੇ ਆਪਣੇ ਸਵੈ ਵਿੱਚੋਂ ਮੈਨੂੰ ਕਈ ਹੋਰ ਯਥਾਰਥਕ ਮੁਹਾਂਦਰੇ ਨਜ਼ਰ ਆਏ ਹਨ । ਮੈਂ ਲੱਗਣ ਨੂੰ ਜਾਂ ਜਪਣ ਲਈ ਵਿਦਰੋਹੀ, ਆਧੁਨਿਕ ਤੇ ਬ੍ਰਹਿਮੰਡੀ ਚੇਤਨਾ ਦੇ ਹਾਣ ਦੀ ਕਾਵਿਕਾਰੀ ਕਰ ਸਕਦਾ ਹਾਂ । ਮੇਰੇ ਕੋਲ ਕਾਵਿਕ ਸ਼ਬਦ ਕੌਸ਼ਲ ਦੀ ਬੜੀ ਸਮਰੱਥਾ ਹੈ । ਸ਼ਬਦਾਂ ਦੀ ਜੁਗਾਲੀ ਕਰਨੀ ਮੈਨੂੰ ਨਹੀਂ ਆਈ ਜਾਂ ਮੈਂ ਕੀਤੀ ਹੀ ਨਹੀਂ ।
ਮੈਂ ਵਿਦਵਤਾ ਦੇ ਨਾਂ ਤੇ ਮਖੌਟਿਆਂ ਦੀਆਂ ਪ੍ਰਦਰਸ਼ਨੀਆਂ ਵੀ ਵਿਹੰਦਾ ਰਿਹਾ ਹਾਂ । ਮੈਂ ਦੰਭੀ ਮਾਨਸਿਕਤਾ ਦੀਆਂ ਨੁਮਾਇਸ਼ਾਂ ਵੀ ਵੇਖੀਆਂ ਹਨ ਤੇ ਅਦਬੀ ਜੋਕਰਾਂ ਦੀਆਂ ਕਲਾਬਾਜ਼ੀਆਂ ਵੀ । ਆਪਣੀ ਪੀੜ੍ਹੀ ਦੇ ਤਕਰੀਬਨ ਸਾਰੇ ਸਮਰੱਥ ਸ਼ਾਇਰਾਂ ਨਾਲ ਮੇਰਾ ਰਾਬਤਾ ਰਿਹਾ ਹੈ । ਕਈਆਂ ਨਾਲ ਦੋਸਤੀ ਵੀ ਰਹੀ ਹੈ । ਇਹ ਵੱਖਰੀ ਗੱਲ ਹੈ ਕਿ ਕਈਆਂ ਲਈ ਦੋਸਤੀ ਦੇ ਅਰਥ ਵਰਤੋਂ ਵਿਹਾਰ ਦੀ ਕਿਸੇ ਸ਼ੈਅ ਵਰਗੇ ਹੀ ਹਨ । ਪਰ ਕਿਸੇ ਬਿਰਖ ਦੇ ਇਕ ਕੌੜੇ ਫਲ ਕਾਰਨ ਸਾਰੇ ਬਿਰਖ ਦੇ ਫਲ ਹੀ ਕੌੜੇ ਨਹੀਂ ਹੋ ਜਾਂਦੇ । ਮੈਂ ਬਿਰਖ ਨੂੰ ਕਦੇ ਵੀ ਉਲਾਂਭਾ ਨਹੀਂ ਦਿੱਤਾ । ਹਾਲਾਂਕਿ ਮੈਂ ਆਪ ਬੇਵਜਾ ਮਿਲੇ ਉਲਾਂਭਿਆਂ ਨੂੰ ਕਈ ਕਈ ਚਿਰ ਚੁੱਕੀ ਫਿਰਦਾ ਰਿਹਾ ਹਾਂ ਤੇ ਅਕਸਰ ਆਪਣੇ ਬਾਰੇ ਏਹੀ ਸੋਚਦਾ ਰਿਹਾ ਹਾਂ । ਸ਼ਾਇਦ ਹਰ ਹਾਦਸੇ ਦਾ ਅਖੀਰਲਾ ਕਾਰਨ ਮੈਂ ਹੀ ਹਾਂ ।
ਜੇ ਮੈਂ ਕਹਾਂ ਕਿ ਸਰਦੀ ਬਣਦੀ ਜ਼ਿੰਦਗੀ ਨਹੀਂ ਹੰਢਾਈ ਤਾਂ ਮੈਂ ਜ਼ਿੰਦਗੀ ਪ੍ਰਤੀ ਨਾਸ਼ੁਕਰੇਪਣ ਦਾ ਇਜ਼ਹਾਰ ਕਰ ਰਿਹਾ ਹੋਵਾਂਗਾ । ਕਿਤੇ ਕਿਤੇ ਹੰਢਾਈ ਤੇ ਕਿਤੇ ਕਿਤੇ ਬਿਨਾ ਹੀ ਨੁਹਾਰ ਤਾਂ ਸਾਰਿਆਂ ਦੀ ਜ਼ਿੰਦਗੀ ਵਿੱਚੋਂ ਹੀ ਦਿਸਦੀ ਹੈ । ਮੇਰੇ ਵਰਗੀ ਔਸਤ ਕਿਸਮ ਦੀ ਜ਼ਿੰਦਗੀ ਜੀਅ ਰਹੇ ਬੰਦੇ ਲਈ ਕੀ ਏਨਾ ਕਾਫ਼ੀ ਨਹੀਂ ਕਿ ਮੈਂ ਆਪਣੇ ਸਮਿਆਂ ਦੇ ਮੰਨੇ ਪਰਮੰਨੇ ਅਦੀਬਾਂ ਨਾਲ ਵਿਚਰਦਾ ਰਿਹਾ ਹਾਂ । ਮੈਂ ਉਨ੍ਹਾਂ ਦੀ ਮੁਹੱਬਤ ਹੰਢਾਈ ਹੈ, ਉਨ੍ਹਾ ਦੇ ਸੰਗ ਸਾਥ ਦੀ ਸਤਰੰਗੀ 'ਚ ਨਹਾਤਾ ਹਾਂ । ਮੇਰੀਆਂ ਅਦਬੀ ਮੁਹੱਬਤਾਂ ਦੇ ਸਾਹਮਣੇ ਮੇਰੇ ਪ੍ਰਤੀ ਵਾਪਰੇ ਨਫ਼ਰਤੀ ਤੇ ਨਿੰਦਕੀ ਵਰਤਾਰੇ ਬੜੇ ਨਿਗੁਣੇ ਹਨ । ਇਹ ਵਰਤਾਰੇ ਵੀ ਤਾਂ ਹੀ ਵਾਪਰੇ ਹਨ ਕਿ ਮੈਂ ਇਨ੍ਹਾਂ ਦੀ ਹੰਕਾਰੀ ਹਓਮੈਂ ਨੂੰ ਸਵੀਕਾਰ ਨਹੀਂ ਕਰਦਾ ਰਿਹਾ । ਮੈਂ ਇਨ੍ਹਾਂ ਦੇ ਬੌਣੇ ਪਣ ਨੂੰ ਕੁਤਬਮੀਨਾਰ ਦਾ ਨਾਮ ਨਹੀਂ ਦੇ ਸਕਿਆ ।
ਭਰੀਆਂ ਮਹਿਫ਼ਲਾਂ ਵਿੱਚੋਂ ਮੇਰਾ ਵਾਕਆਊਟ ਕਰ ਜਾਣਾ ਮੇਰਾ ਕਿਧਰੇ ਵੀ ਵਰਤਾਰਾ ਨਹੀਂ ਸੀ ਹੁੰਦਾ । ਜਦੋਂ ਵੀ ਕਿਸੇ ਬੌਣੇ ਅਕਾਰ ਨੂੰ ਮੇਰੀ ਤਤਕਾਲੀ ਉਚਾਈ ਜਾਂ ਬੇਬਾਕੀ ਰਾਸ ਨਹੀਂ ਸੀ ਆਉਂਦੀ ਮੇਰੇ ਲਈ ਰਲਾ ਮਿਲਾ ਕੇ ਵਾਕਆਉਟ ਕਰ ਜਾਣ ਦੀ ਸਥਿਤੀ ਪੈਦਾ ਕਰ ਦਿੱਤੀ ਜਾਂਦੀ ਸੀ । ਉਸ ਸਥਿਤੀ ਕਰਕੇ ਮੈਂ ਕਈ ਵਾਰ ਮੈਂ ਖੁਆਰ ਹੁੰਦਾ ਹੁੰਦਾ ਵੀ ਬਚਿਆ ਹਾਂ । ਉਸ ਵੇਲੇ ਮੈਨੂੰ ਜਿਵੇਂ ਸਮੇਂ ਸਥਾਨ ਦਾ ਖਿਆਲ ਹੀ ਨਹੀਂ ਸੀ ਰਹਿੰਦਾ, ਬਸ ਉਸ ਸਥਿਤੀ ਵਿੱਚੋਂ ਨਿਕਲਣਾ ਹੀ ਮੇਰਾ ਮਕਸਦ ਰਹਿ ਜਾਂਦਾ ਸੀ । ਮੈਂ ਉਦੋਂ ਇਉਂ ਕਾਰਦਾ ਸਾਂ ? ਕੀ ਮੈਂ ਹੁਣ ਇੰਜ ਨਹੀਂ ਕਰਦਾ ? ਮੈਂ ਹੁਣ ਵੀ ਇੰਜ ਹੀ ਕਰਦਾ ਹਾਂ, ਸਥਿਤੀਆਂ ਹੀ ਕੁਝ ਬਦਲੀਆਂ ਹਨ । ਆਪਣੇ ਸਵੈਮਾਣ ਨੂੰ ਮੈਂ ਹੁਣ ਵੀ ਦਾਅ ਤੇ ਨਹੀਂ ਲੱਗਣ ਦਿੱਤਾ । ਮੇਰੇ ਇਸ ਸਵੈਮਾਣ ਵਿਚ ਮੇਰੀਆਂ ਮਾਣ ਮੱਤੀਆਂ ਦੋਸਤੀਆਂ ਹੀ ਬੜੀ ਅਹਿਮ ਭੂਮਿਕਾ ਹੈ । ਇਸ ਵੇਲੇ ਹੀ ਅਕਸਰ ਵੱਡੇ ਬਾਬੇ ਯਾਦ ਆ ਜਾਂਦੇ ਹਨ ਇਨ ।ਇਨਹੀ ਕੀ ਕ੍ਰਿਪਾ ਸੇ ਸਜੇ ਹਮ ਹੈਂ ।
ਮੈਨੂੰ ਵੀ ਅਕਸਰ ਮਹਿਸੂਸ ਹੁੰਦਾ ਰਹਿੰਦਾ ਏ ਕਿ ਮੈਂ ਕਿਵੇਂ ਖਿੜਿਆ ਖਿੜਿਆ, ਬੇਆਰਾਮ ਜਿਹਾ ਤੇ ਉਪਰਾਮ ਜਿਹਾ ਨਜ਼ਰ ਆਉਂਦਾ ਹਾਂ । ਕਈ ਵਾਰ ਇੰਜ ਵਾਪਰਦਾ ਵੀ ਹੈ, ਉਸ ਵੇਲੇ ਸ਼ਾਇਦ ਮੈਂ ਆਪਣੀ ਨਿੱਜਤਾ ਦੇ ਧੁੰਦਲਕੇ ਵਿੱਚ ਵਿਚਰ ਰਿਹਾ ਹੋਵਾਂਗਾ ਜਾਂ ਉਦੋਂ ਉਦੋਂ ਹੀ ਕਿਤੇ ਮੇਰੇ ਭਰੋਸੇ ਨੂੰ ਠੇਸ ਪਹੁੰਚੀ ਹੋਵੇਗੀ ਜਾਂ ਉਦੋਂ ਉਦੋਂ ਹੀ ਮੈਂ ਆਪਣੇ ਹੋਣ ਦੀ ਹੋਈ ਦੁਰਵਰਤੋਂ ਵੇਖੀ ਹੋਵੇਗੀ । ਹੋ ਸਕਦਾ ਏ ਕਿ ਮੈਂ ਕਿਸੇ ਅਦਬੀ ਪਰਪੰਚ ਤੇ ਪਖੰਡੀ ਵਰਤਾਰੇ ਨੂੰ ਵੇਖ ਕੇ ਹਟਿਆ ਹੋਵੇ ਜਾਂ ਕਿਸੇ ਦੇ ਦੰਭ ਤੇ ਸੌਖਾ ਸ਼ਿਕਾਰ ਹੋ ਕੇ ਹਟਿਆ ਹੋਵਾਂ । ਮੇਰੀ ਬੇਚੈਨੀ ਉਥੋਂ ਹੀ ਸ਼ੁਰੂ ਹੁੰਦੀ ਤੇ ਫਿਰ ਮੈਂ ਵੀ ਆਪਣੀ ਬੇਚੈਨੀ ਤੇ ਉਪਰਾਮਤਾ ਨੂੰ ਆਪਣੇ ਜ਼ਿਹਨ ਵਿਚ ਲੁਕੋ ਕੇ ਨਹੀਂ ਰੱਖਦਾ, ਮੇਰੀ ਉਪਰਾਮਤਾ ਮੇਰੀ ਉਤੇਜਨ ਵਿਚ ਤਬਦੀਲ ਹੋ ਹੀ ਜਾਂਦੀ ਹੈ ਤੇ ਮੈਂ ਦੰਭੀ ਵਰਤਾਰਿਆਂ ਤੇ ਦੋਗਲੀ ਮਾਨਸਿਕਤਾ ਦੇ ਸਾਹਮਣੇ ਜਾ ਖਲੋਂਦਾ ਹਾਂ । ਮੈਨੂੰ ਪਤਾ ਹੁੰਦਾ ਏ ਕਿ ਇਸੇ ਉਤੇਜਤ ਸਥਿਤੀ ਵਿਚ ਮੇਰੇ ਪੂਰੇ ਸੱਚ ਨੇ ਵੀ ਅਧੂਰਾ ਹੀ ਨਜ਼ਰ ਆਉਣਾ ਹੈ । ਪਰ ਮੈਨੂੰ ਆਪਣੇ ਸੱਚ ਦੀ ਸ਼ਿੱਦਤ ਦਾ ਅਹਿਸਾਸ ਜ਼ਰੂਰ ਹੁੰਦਾ ਰਿਹਾ ਏ । ਏ ਹੈ ਵਜਾ ਏ ਕਿ ਮੇਰੇ ਅਧੂਰੇ ਸੱਚ ਦੀ ਗਵਾਹੀ ਜਿਨ੍ਹਾਂ ਨੂੰ ਚੰਗੀ ਲਗਦੀ ਰਹੀ ਏ, ਉਹ ਮੇਰੇ ਨਾਲੋਂ ਵਰ੍ਹਿਆਂ ਦੇ ਸੰਗ ਸਾਥ ਦੇ ਬਾਅਦ ਵੀ ਨਹੀਂ ਟੁੱਟੇ ਤੇ ਜਿਨ੍ਹਾਂ ਨੇ ਮੇਰੀ ਉਤੇਜਨਾ ਵਿਚਲੇ ਸੱਚ ਪ੍ਰਤੀ ਅਣਗਹਿਲੀ ਜਿਹੀ ਵਿਖਾਈ ਏ, ਉਨ੍ਹਾਂ ਦੇ ਨੇੜਤਾ ਮਨਫ਼ੀ ਹੈ ਜਾਣ ਦਾ ਵੀ ਮੈਨੂੰ ਕੋਈ ਵਿਗੋਚਾ ਨਹੀਂ ਹੋਇਆ । ਜੇ ਕਿਸੇ ਦੀ ਸੁਵਿਧਾ ਦੇ ਸੋਚ ਆਉਣ ਦਾ ਨਾਮ ਹੀ ਦੋਸਤੀ ਹੈ ਜਾਂ ਮਿੱਤਰਤਾਈ ਹੈ ਤਾਂ ਮੈਂ ਅਜੇਹੀਆਂ ਸੁਵਿਧਾ ਜਨਕ ਦੋਸਤੀਆਂ ਤੋਂ ਦੂਰ ਹੀ ਚੰਗਾ ਹਾਂ । ਮੈਨੂੰ ਪਤਾ ਏ, ਆਪਣੇ ਆਪ ਨੂੰ ਅਜਾਂਈ ਬੜਾ ਖਰਚਿਆਂ ਏ । ਆਪਣੇ ਮਹਿੰਗੇ ਅਹਿਸਾਸਾਂ ਤੇ ਮੁਹੱਬਤਾਂ ਦੇ ਪਾਣੀਆਂ ਨੂੰ ਮੈਂ ਬੇਥਵੇ, ਬਰੇਤਿਆਂ ਤੇ ਬੜਾ ਵਰਾਇਆ ਹੈ । ਮਾਨਵੀ ਫਿਤਰਤਾਂ ਪਛਾਣਨ ਵਿਚ ਮੈਂ ਬੜਾ ਪਿੱਛੜ ਜਾਂਦਾ ਰਿਹਾ ਹਾਂ ਤੇ ਮੇਰਾ ਇਹ ਪਿਛੜਾਪਣ ਅੱਜ ਵੀ ਮੇਰੇ ਅੰਗ ਸੰਗ ਹੈ । ਮੇਰੇ ਵੀ ਆਪਣੇ ਸਵਾਰਥ ਹਨ ਪਰ ਮੈਂ ਆਪਣੇ ਸਵਾਰਥਾਂ ਦੀ ਪੂਰਤੀ ਲਈ ਕਿਸੇ ਹੋਰ ਦੀ ਨਿੱਜਤਾ ਦਾ ਘਾਣ ਨਹੀਂ ਕਰਦਾ । ਸ਼ਾਇਦ ਏਹੀ ਕਾਰਨ ਹੋਵੇ ਕਿ ਮੈਨੂੰ ਵੀ ਕਰਨ ਵਾਲਿਆਂ ਨੇ ਏਨੀਆਂ ਕੁ ਮੁਹੱਬਤਾਂ ਦਿੱਤੀਆਂ ਹਨ ਕਿ ਮੇਰੀ ਇਸ ਉਮਰ ਉਨ੍ਹਾਂ ਮੁਹੱਬਤਾਂ ਦੇ ਸ਼ੁਕਰਾਨੇ ਲਈ ਕਾਫ਼ੀ ਨਹੀਂ ਹੈ । ਉਹ ਮੁਹੱਬਤਾਂ ਮੇਰੀ ਸਮੁੱਚਤਾ ਲਈ ਹਨ । ਉਹ ਮੁਹੱਬਤਾਂ ਮੇਰੀਆਂ ਬੇਚੈਨੀਆਂ ਨੂੰ ਜਾਣਦੀਆਂ ਹਨ ਤੇ ਮੇਰੀਆਂ ਉਤੇਜਨਾਵਾਂ ਨੂੰ ਵੀ । ਉਨ੍ਹਾਂ ਨੂੰ ਮੇਰੇ ਅਧੂਰੇ ਤੇ ਪੂਰੇ ਸੱਚ ਦੀ ਸੋਝੀ ਹੈ । ਉਹ ਮੇਰੇ ਵਿਚਲੇ ਸਵੈਮਾਣ ਤੇ ਹੰਕਾਰ ਤੇ ਭੇਤ ਨੂੰ ਪਰਖ ਸਕਦੀਆਂ ਹਨ । ਉਨ੍ਹਾਂ ਨੂੰ ਮੇਰੀ ਮਿੱਟੀ ਦੇ ਸੇਕ ਦਾ ਵੀ ਪਤਾ ਹੈ ਤੇ ਇਸ ਵਿਚਲੀ ਚਿਕਣੀ ਕੋਮਲਤਾ ਦਾ ਵੀ । ਉਨ੍ਹਾਂ ਨੂੰ ਮੇਰੀਆਂ ਅੱਖਾਂ ਵਿਚਲੀ ਸਲ੍ਹਾਬ ਦੀ ਤੇ ਮੇਰੇ ਮੱਥੇ ਦੀਆਂ ਤੀਊੜੀਆਂ ਦੀ ਤਪਸ਼ ਦੀ ਵੀ ਪਰਖ ਹੈ । ਮੈਨੂੰ ਆਪਣੇ ਉਹਲਿਆਂ ਦੀ ਪਾਰਦਸ਼ਤਾ ਵਿਖਾਉਣੀ ਵੀ ਆਉਂਦੀ ਹੈ । ਕਿਸੇ ਦਾ ਆਪਣੀ ਧੌਣ ਤੇ ਪੈਰ ਰੱਖ ਕੇ ਲੰਘ ਜਾਣਾ ਮੈਨੂੰ ਕਦੇ ਵੀ ਰਾਸ ਨਹੀਂ ਆਇਆ । ਹਿਤ ਮੈਂ ਵੀ ਪਾਲੇ ਹੋਣਗੇ, ਪਰ ਇਨ੍ਹਾਂ ਦੀ ਪਾਲਣਾ ਕਰਦਿਆਂ ਮੈਂ ਕਿਸੇ ਹੋਰ ਦੇ ਹਿੱਤਾਂ ਦੀ ਹੇਠੀ ਨਹੀਂ ਕੀਤੀ ਹੋਵੇਗੀ । ਰੁੱਸੀਆਂ ਦੋਸਤੀਆਂ ਨੂੰ ਮੈਂ ਵੀ ਮਨਾਇਆ ਏ, ਪਰ ਇਹ ਸਭ ਕੁਝ ਕਰਦਿਆਂ ਮੈਂ ਕਿਸੇ ਹੋਰ ਦੋਸਤੀ ਦੀ ਹੋਂਦ ਨਿਗੁਣੀ ਨਹੀਂ ਕੀਤੀ ਹੋਵੇਗੀ । ਅਜੋਕੇ ਦੌਰ ਵਿਚ ਲੋੜੀਂਦੀ ਅਕਾਦਮਿਕ ਯੋਗਤਾ ਦੀ ਅਣਹੋਂਦ ਕਾਰਨ ਹੀ ਮੈਂ ਕਈ ਕੁਝ ਤੋਂ ਮਹਿਰੂਮ ਰਿਹਾ ਹਾਂ । ਮੇਰੀਆਂ ਇਹ ਮਹਿਰੂਮੀਆਂ ਆਰਥਿਕ ਪੱਧਰ ਉਪਰ ਹੀ ਵਧੇਰੇ ਮਹਿਸੂਸ ਹੁੰਦੀਆਂ ਰਹੀਆਂ ਹਨ, ਉਂਜ ਅੱਜ ਕੱਲ ਕਿਵੇਂ ਨਿਮਨ ਪੱਧਰ ਦੀ ਐਮ.ਏ. ਤੇ ਹੋਰ ਡਿਗਰੀਆਂ ਕਰਕੇ ਵਿਦਵਤਾ ਦਾ ਚੋਲਾ ਪਾ ਕੇ ਕਾਲਜਾਂ, ਯੂਨੀਵਰਸਿਟੀਆਂ ਵਿਚ ਅੱਧੇ ਅਧੂਰੇ ਜਿਸਮ ਕੁਰਸੀਆਂ ਸਾਂਭ ਕੇ ਬੈਠੇ ਹਨ ਤਾਂ ਇਹ ਸਭ ਕੁਝ ਵੇਖ ਕੇ ਆਪਣੀ ਅਨਪੜ੍ਹਤਾ ਤੇ ਬਹੁਤਾ ਅਫਸੋਸ ਨਹੀਂ ਹੁੰਦਾ । ਅਫ਼ਸੋਸ ਉਦੋਂ ਮਹਿਜ਼ ੫੧% ਫੀਸਦੀ ਨੰਬਰ ਲੈ ਕੇ ਪਾਸ ਹੋਇਆ ਕੋਈ ਕਿਵੇਂ ਆਮ ਪੱਧਰ ਦੇ ਕਾਲਜ ਵਿਚ ਲੱਗਾ ਐਡਹਾਕ ਅਧਿਆਪਕ ਪ੍ਰੋ. ਕਹਾਉਂਦਾ ਹੈ ਤੇ ਆਪਣੇ ਪਿਉ ਦੀ ਉਮਰ ਦੇ ਬੰਦੇ ਨੂੰ ਤੂੰ ਕਹਿ ਕੇ ਬੁਲਾਉਂਦਾ ਹੈ । ਸੈਮੀਨਾਰਾਂ ਤੇ ਪੇਪਰ ਪੜ੍ਹਦਾ ਹੈ, ਹਵਾਲੇ ਤੇ ਟਿੱਪਣੀਆਂ ਨਾਲ ਕੀਤੀ ਸ਼ਬਦ ਜੁਗਾਲੀ ਕਰਕੇ ਬੁੱਧੀ ਜੀਵੀ ਹੋਣ ਦੀ ਕਲਗੀ ਲਾ ਲੈਂਦਾ ਹੈ । ਆਪਣੇ ਕੁਝ ਕੁ ਸਮਕਾਲੀ ਨਿੰਦਕਾਂ ਤੋਂ ਬਿਨਾ ਮੈਨੂੰ ਆਪਣੀ ਪੀੜ੍ਹੀ ਦੇ ਸਮਰੱਥ ਸਿਰਜਕਾਂ ਦਾ ਸੰਗ ਸਾਥ ਮਿਲਦਾ ਰਿਹਾ ਹੈ ਤੇ ਮਿਲ ਵੀ ਰਿਹਾ ਹੈ । ਉਨ੍ਹਾਂ ਨਾਲ ਮੇਰੀਆਂ ਬੇਚੈਨੀਆਂ, ਮੇਰੀਆਂ ਉਦਾਸੀਆਂ ਤੇ ਮੇਰੀਆਂ ਪ੍ਰਾਪਤੀਆਂ ਵੀ ਸਾਂਝੀਆਂ ਹਨ । ਉਨ੍ਹਾਂ ਹਰ ਸਥਿਤੀ ਵਿਚ ਮੇਰੀ ਡਾਵਾਂਡੋਲ ਹੋ ਰਹੀ ਮਾਨਸਿਕ ਅਵਸਥਾ ਨੂੰ ਠੁੰਮ੍ਹਣਾ ਦਿੱਤਾ ਹੈ । ਉਨ੍ਹਾਂ ਨਾਲ ਮੇਰੀ ਨਿੱਜਤਾ ਦੇ ਦ੍ਰਿਸ਼ ਅਦ੍ਰਿਸ਼ ਸਾਂਝੇ ਹਨ । ਮੈਂ ਆਪਣੀ ਅੱਖ ਦਾ ਅੱਥਰੂ ਵੀ ਇਨ੍ਹਾਂ ਦੀ ਤਲੀ ਤੇ ਧਰ ਸਕਦਾ ਹਾਂ । ਮੈਨੂੰ ਰਚਨਾਤਮਿਕ ਅਮਲ ਵਿਚ ਸਰਗਰਮ ਰੱਖਣ ਵਿਚ ਇਨ੍ਹਾਂ ਮੇਰੇ ਆਪਣਿਆਂ ਦਾ ਬੜਾ ਵੱਡਾ ਯੋਗਦਾਨ ਹੈ । ਇਨ੍ਹਾਂ ਦੀ ਮੁਹੱਬਤ ਮੇਰੇ ਪ੍ਰਤੀ ਕੋਈ ਰਿਣ ਨਹੀਂ ਹੈ । ਜੇ ਰਿਣ ਹੁੰਦਾ ਤਾਂ ਮੈਂ ਉਹ ਚੁਕਾ ਵੀ ਨਹੀਂ ਸੀ ਸਕਦਾ ।
ਮੈਨੂੰ ਇਸ ਗੱਲ ਦਾ ਅਫ਼ਸੋਸ ਜ਼ਰੂਰ ਰਹੇਗਾ ਕਿ ਮੈਂ ਜਿਨ੍ਹਾਂ ਨੂੰ ਆਪਣੇ ਕੁਝ ਕੁ ਸਮਕਾਲੀ ਨਿੰਦਕ ਕਿਹਾ ਹੈ, ਉਹ ਆਪ ਹੀ ਅੱਧੇ ਅਧੂਰੇ ਵਜੂਦ ਹਨ, ਬੌਣੇ ਕਿਰਦਾਰਾਂ ਦੀ ਹਉਮੈ ਹੀ ਉਨ੍ਹਾਂ ਦੀ ਪ੍ਰਾਪਤੀ ਹੈ । ਮੈਂ ਜਦੋਂ ਜਦੋਂ ਵੀ ਉਨ੍ਹਾਂ ਦੀ ਹੰਕਾਰੀ ਹਉਮੈ ਦੇ ਮੇਚ ਨਹੀਂ ਆਉਂਦਾ ਰਿਹਾ, ਉਸੇ ਪਲ ਉਨ੍ਹਾਂ ਨੇ ਮੇਰੀ ਨਿੱਜਤਾ ਤੇ ਵਾਰ ਕਰ ਦਿੱਤਾ ਹੈ । ਇਹ ਮੈਨੂੰ ਗਾਲ੍ਹਾਂ ਵੀ ਕੱਢਦੇ ਹਨ ਪਰ ਮੈਂ ਵੀ ਆਪਣੀ ਨਿਹੱਥੀ ਹੋਂਦ ਨੂੰ ਜਵਾਬੀ ਗਾਲ੍ਹਾਂ ਕੱਢ ਕੇ ਹੀ ਬਚਾਉਣ ਦਾ ਯਤਨ ਕਰ ਬਹਿੰਦਾ ਹਾਂ । ਦਰਅਸਲ ਇਹ ਲੋਕ ਮੇਰੀ ਨਿਹੱਥੀ ਹੋਂਦ ਤੇ ਵਾਰ ਕਰਨ ਦੇ ਮੌਕੇ ਭਾਲਦੇ ਰਹਿੰਦੇ ਹਨ ਤੇ ਕਦੇ ਕਦਾਈਂ ਮੈਂ ਵੀ ਖਰੂਦੀ ਸਥਿਤੀ ਦੇ ਝੁੰਗਲਮਾਟੇ ਵਿਚ ਬੈਠਾ ਇਨ੍ਹਾਂ ਦੇ ਕਾਬੂ ਆ ਜਾਂਦਾ ਹਾਂ । ਬਸ ਉਥੇ ਹੀ ਸਮਤੋਲ ਕੁਝ ਕੁਝ ਵਿਗੜ ਜਾਂਦਾ ਹੈ ।
ਪਰ ਕੋਈ ਗੱਲ ਨਹੀਂ, ਇਹ ਛੋਟੀਆਂ ਛੋਟੀਆਂ ਹਮਲਾਵਰ ਸਥਿਤੀਆਂ ਬੰਦੇ ਨੂੰ ਸੰਬੰਧਾਂ ਦੀ ਅਸਲੀਅਤ ਦੀ ਪਰਖ ਕਰਨੀ ਵੀ ਸਿਖਾਉਂਦੀਆਂ ਹਨ । ਇੰਜ ਲੁਕਵੇਂ ਵਾਰਾਂ ਤੋਂ ਸੁਚੇਤ ਵੀ ਰਹੀਦਾ ਏ । ਹੌਲੀ ਹੌਲੀ ਸੁਚੇਤ ਰਹਿਣ ਦੀ ਜਾਚ ਤਾਂ ਆਉਂਦੀ ਜਾਂਦੀ ਏ ਪਰ ਕਿਤੇ ਵਿਪਰੀਤ ਸਥਿਤੀਆਂ ਨਾਲ ਸਾਹਮਣਾ ਹੋ ਈ ਜਾਂਦਾ ਏ । ਜਿੰਨੀ ਕੁ ਬਾਕੀ ਬਚੀ ਏ, ਜੀਣੀ ਤਾਂ ਪੈਣੀ ਹੀ ਹੈ । ਹੱਸਦੀਆਂ ਇਬਾਰਤਾਂ ਦੀ ਨੇੜਤਾ ਤਰੋਤਾਜ਼ਾ ਕਰੀ ਰੱਖਦੀ ਏ ।
ਮੈਨੂੰ ਏਨੀ ਹੀ ਤਸਕੀਨ ਬੜੀ ਹੈ ਕਿ ਸਾਰੀ ਦੀ ਸਾਰੀ ਨਵੀਂ ਪੀੜ੍ਹੀ ਨਾਲ ਮੇਰੇ ਸੰਬੰਧ ਬੜੇ ਸੁਖਾਵੇਂ ਹਨ । ਇਹ ਗੱਲ ਮੈਂ ਇਕ ਸੰਪਾਦਕ ਦੀ ਹੈਸੀਅਤ ਵਿਚ ਨਹੀਂ ਕਹਿ ਰਿਹਾ, ਆਪਣੇ ਨਾਲ ਉਨ੍ਹਾਂ ਦੀ ਸਮੁੱਚੀ ਸਾਂਝ ਤੇ ਨੇੜਤਾ ਦੇ ਨਾਤੇ ਨਾਲ ਹੀ ਕਹਿ ਰਿਹਾਹਾਂ । ਮੈਨੂੰ ਚੰਗੀ ਰਚਨਾ ਦੀ ਵੀ ਸ਼ਨਾਖ਼ਤ ਹੈ ਤੇ ਮੁਹੱਬਤੀ ਸਾਂਝ ਦੀ ਪਰਖ ਵੀ ਹੈ । ਮੈਨੂੰ ਜੋ ਮਾਣ-ਸਨਮਾਨ ਨਵੀਂ ਪੀੜ੍ਹੀ ਵੱਲੋਂ ਮਿਲਿਆ ਏ, ਉਹ ਮੇਰੇ ਕੁਝ ਕੁ ਘਸਮੈਲੀ ਜਿਹੀ ਮਾਨਸਿਕਤਾ, ਸਮਕਾਲੀਆਂ ਦੇ ਵਿਵਹਾਰ ਨੂੰ ਹਰ ਛਿਣ ਮਨਫ਼ੀ ਕਰਦਾ ਰਹਿੰਦਾ ਏ । ਇਹ ਜ਼ਰੂਰ ਏ ਕਿ ਮੈਂ ਕਿਤੇ ਕਿਤੇ ਉਪਭਾਵਕਤਾ ਦਾ ਸ਼ਿਕਾਰ ਵੀ ਹੋ ਜਾਂਦਾ ਹਾਂ । ਕਈਆਂ ਨਾਲ ਆਪਣੀ ਨੇੜਤਾ ਏਨੀ ਵਧਾ ਲੈਂਦਾ ਹਾਂ ਕਿ ਇਕ ਦਿਨ ਉਹ ਚਿਹਰੇ ਹੀ ਮੇਰੇ ਵਜੂਦ ਦੇ ਸੱਚ ਸਾਹਵੇਂ ਸਵਾਲੀਆ ਪ੍ਰਸੰਗ ਖੜ੍ਹੇ ਕਰ ਦੇਂਦੇ ਹਨ । ਅਜੇਹੇ ਖ਼ੁਦ ਬਣਾਏ ਸੰਬੰਧਾਂ ਵਿੱਚ ਪਈ ਤਰੇੜ ਕਈ ਵਾਰ ਉਦਾਸ ਤਾਂ ਜ਼ਰੂਰ ਕਰਦੀ ਹੈ । ਮਨ ਨੂੰ ਸਮਝਾ ਵੀ ਲੈਂਦਾ ਹਾਂ, ਆਪਣੇ ਆਪ ਨੂੰ ਅਗਲੇਰੀ ਸਥਿਤੀ ਪ੍ਰਤੀ ਸੁਚੇਤ ਵੀ ਕਰਦਾ ਹਾਂ ਪਰ ਇਹ ਵੀ ਜਾਣਦਾ ਹਾਂ ਕਿ ਫੇਰ ਰਿਹਾ ਨਹੀਂ ਜਾਣਾ, ਮੈਂ ਫੇਰ ਭਾਵੁਕ ਹੋ ਜਾਣਾ ਹੈ । ਪਰ ਮੈਨੂੰ ਅਜੋਕੇ ਵਰਤਾਰਿਆਂ ਪ੍ਰਤੀ ਬਹੁਤਾ ਦੁੱਖ ਨਹੀਂ ਹੋਇਆ, ਇਨ੍ਹਾਂ ਨੇ ਵਾਪਰਨਾ ਹੀ ਸੀ, ਮੈਂ ਨਵੀਆਂ ਮੁਹੱਬਤਾਂ ਤੋਂ ਮੂੰਹ ਕਿਉਂ ਮੋੜਾਂ ? ਮੈਂ ਮੂੰਹ ਮੋੜਦਾ ਵੀ ਨਹੀਂ । ਮੇਰੀ ਸੁਹਿਰਦਤਾ ਅਜੇ ਸ਼ੱਕੀ ਨਹੀਂ ਹੋਈ ਕਿ ਮੈਨੂੰ ਨਵੀਆਂ ਸਾਂਝਾਂ ਦੇ ਸੰਕੇਤ ਮਿਲਣੇ ਬੰਦ ਹੀ ਹੋ ਜਾਣ । ਸ਼ਾਇਦ ਅਜਿਹੀ ਸਥਿਤੀ ਵਿਚ ਹੀ ਮੈਥੋਂ ਲਿਖਿਆ ਗਿਆ ਏ ।
ਅਜੇ ਮੁਹੱਬਤਾਂ ਹੋਰ ਕਰਨੀਆਂ
ਅਜੇ ਨਫ਼ਰਤਾਂ ਹੋਰ ਕਰਨੀਆਂ
ਮੈਂ ਆਪਣੀਆਂ ਅਲੜ੍ਹ ਦੋਸਤੀਆਂ ਨੂੰ ਕਦੇ ਨਹੀਂ ਵਿਸਾਰਿਆ। ਮੈਂ ਅਜੇ ਵੀ ਪੱਤਣ ਤੇ ਖਲੋਤਾ ਹਾਂ, ਜਦੋਂ ਵੀ ਉਸ ਪਾਸੋਂ ਤਾਂਘ ਭਿੱਜੀ ਆਵਾਜ਼ ਆਏਗੀ, ਮੈਂ ਉਦੋਂ ਹੀ ਉਸ ਪਾਰ ਜਾਣ ਲਈ ਪਾਣੀਆਂ ਵਿਚ ਠਿਲ੍ਹ ਪਵਾਂਗਾ । ਪੰਖੇਰੂਆਂ ਲਈ ਆਕਾਸ਼ ਦੀ ਕੋਈ ਸੀਮਾ ਨਹੀਂ ਹੁੰਦੀ । ਪਰਵਾਜ਼ ਦੀ ਜੁਸਤਜੂ ਜ਼ਰੂਰੀ ਹੈ ।
ਇਕ ਆਪਣੀ ਤੇ ਇਕ ਉਸ ਤੋਂ ਅਗਲੀ ਅਦਬੀ ਪੀੜ੍ਹੀ ਨਾਲ ਤਾਂ ਮੈਂ ਵਿਚਰ ਹੀ ਰਿਹਾ ਹਾਂ, ਮੈਂ ਉਸ ਤੋਂ ਅਗਲੀ ਨਵੀਂ ਨਕੋਰ ਪੀੜ੍ਹੀ ਦੇ ਨਕਸ਼ ਵੀ ਨਿਹਾਰ ਰਿਹਾ ਹਾਂ ।

No comments:

Post a Comment