Saturday, October 31, 2015

ਨਿੱਕੀਆਂ ਨਜ਼ਮਾਂ: ਸਿਮਰਤ ਗਗਨ

ਚਿੰਤਾਂ
ਵੇਖ ਰਹੀ ਹਾਂ
ਮਾਤਾ ਪਿਤਾ ਨੂੰ ਬੀਤਦੇ
ਪਰ ਉਨਾਂ ਦਾ ਬੀਤਦਾ ਵਕਤ
ਠਹਿਰ ਗਿਆ ਏ
ਜਿਵੇਂ ਉਨਾਂ ਸਾਹਵੇਂ
ਉਮਰਾਂ ਦਾ ਕੋਈ ਜ਼ਹਿਰ ਪਿਆ ਏ
ਉਹ ਆਪਣੀ ਉਮਰ ਦੇ ਸਹਾਕੇ
ਗਿਣਦੇ ਨੇ ਰੋਜ਼
ਪੁੱਛਦੇ ਨੇ ਨਜ਼ੂਮੀ ਨੂੰ
ਕਿੰਨੇ ਕੁ ਦਿਨ ਨੇ ਹੋਰ…..?


ਹਰ ਰੁੱਤੇ ਪੁੰਗਰਦਾ ਰੁੱਖ
ਨਿਹਾਇਤ ਖੁਬਸੂਰਤ
ਅੰਤਾਂ ਦੀ ਖੁਬਸੂਰਤੀ, ਉਦੇ ਸਾਵੇ ਰੰਗ ਦੀ

ਰੰਗ ਖੁਸ਼ਬੂ ਹਰ ਪਾਸੇ
ਪਿਆਰ ਵੀ, ਇਸੇ ਖੁਬਸੂਰਤੀ ਨਾਲ਼
ਸ਼ਿੱਦਤ ਨਾਲ਼ ਹਰ ਰੁੱਤੇ, ਹਰ ਵਾਰ ਪੁੰਗਰਦਾ
ਪਰ ਰੁੱਖ ਵਾਂਗ
ਪਲਰਦਾ ਨਹੀਂ….


ਲੱਭ ਰਹੀ ਸਾਂ , ਬੜੀ ਬੇਤਾਬੀ ਨਾਲ਼
ਰਸੋਈ ਵਿਚੋਂ ਚਾਕੂ…
ਉਨੇ ਵੇਖਿਆ, ਤੇ ਮੇਰੇ ਕੋਲ ਸਬਜੀ ਰੱਖ ਕੇ ਕਿਹਾ
ਅੇਹ ਕੱਟ ਕੇ ਧਰ ਲੈ , ਦੋ ਡੰਗ ਆਹਰ ਕਰ ਲੈ
ਮੈਂ ਉਸਨੂੰ ਅਣਸੁਣੇ ਕੀਤਾ
ਕਿਤਾਬਾਂ ਦੇ ਬੰਡਲ ਦੀ ਡੋਰੀ ਨੂੰ ਕੱਟਿਆ
ਕਿਤਾਬਾਂ ਨੂੰ ਬੜੇ ਪਿਆਰ ਤੇ ਲਾਡ ਨਾਲ਼ ਤੱਕਿਆ
ਉਸ ਮੱਥਾ ਵੱਟਿਆ
ਤੇ ਖਿਝ ਕੇ ਬੋਲੀ
ਕਿੱਥੋਂ ਲੱਭੀ ਤੈਨੂੰ ਇਹ ਵਹੁਟੀ
ਵੱਡੀ ਪੜੀ ਲਿਖੀ ਬਹੁਤੀ
ਸਾਡੇ ਕੰਮ ਦੀ ਨਹੀਂ, ਸਾਡੇ ਢੰਗ ਦੀ ਨਹੀਂ…



ਜ਼ਿੰਦਗੀ ਦੀ ਕਿਤਾਬ 'ਚ
ਜਿਸ ਪੰਨੇ ਉਤੇ ਮੇਰਾ ਜਿਕਰ ਸੀ
ਉਹ ਪੰਨਾ ਕਨਾਰੇ ਤੋਂ ਮੋੜ ਕੇ
ਤੂੰ ਛੱਡ ਦਿੱਤੈ…
ਮੇਰਾ ਦਿੱਤਾ ਬੁੱਕਮਾਰਕ
ਤੂੰ ਕਿਸੇ ਹੋਰ ਕਿਤਾਬ 'ਚ ਰੱਖ ਦਿੱਤੈ…
ਮੇਰੀ ਦਿੱਤੀ ਕਲਮ ਨਾਲ਼
ਤੂੰ ਕਿਸੇ ਹੋਰ ਦੀ ਕਿਤਾਬ ਉੱਤੇ ਕੀਤੇ ਦਸਤਖਤ
ਤੇ
ਮੇਰੀ ਨਜ਼ਮ ਵਿਚ
ਤੂੰ ਕਿਸੇ ਹੋਰ ਲਈ
ਅੰਡਰ ਲਾਈਨ ਕੀਤੀ
ਮੁਹੱਬਤ ਦੀ ਸਤਰ….


ਦਿਮਾਗ 'ਚ ਜਿਵੇਂ
ਸੁੱਕੇ ਪੱਤਿਆਂ ਦਾ ਢੇਰ
ਤੇਰਾ ਖਿਆਲ ਤੁਰਦਾ
'ਅੰਦਰ'
ਸ਼ੋਰ ਨਾਲ਼ ਭਰ ਜਾਂਦਾ
ਜੜ੍ਹ ਸਰਕਦੀ
ਸਾਹ ਆਉਂਦਾ, ਸਾਹ ਜਾਂਦਾ
ਪੱਤੇ,
ਬਾਰ ਬਾਰ ਉੱਡਦੇ
ਕੁਝ ਫਰੋਲਦੀ, ਹੂੰਝਦੀ
….ਸੁਲਗਾ ਦਿੰਦੀ


ਮੇਰੇ ਅੰਦਰ
ਇਕ ਬੇਤਰਤੀਬ ਜੰਗਲ
ਬੜੀ ਜੱਦੋਜਹਿਦ ਵਿਚ ਹਾਂ
ਇਸ ਬੇਤਰਤਬੀ ਦੀ ਖੁਬਸੂਰਤੀ ਲਈ
ਸੰਜੀਦਗੀ ਲਈ…
ਤੇਰਾ ਤੇ ਮੇਰਾ ਰਾਬਤਾ
ਇਸੇ ਜੰਗਲ ਦ ਿਦੇਣ
ਤੂੰ ਗਵਾਹ ਹੈਂ
ਕਸਤੂਰੀ ਪਿੱਛੇ ਦੌੜਦੀ ਹਿਰਨੀ
ਸਮੇਂ ਦੀ ਸਰਾਲ਼੍ਹ ਨੇ
ਕਿਸ ਤਰ੍ਹਾਂ ਨਿਗਲੀ
ਤੇਰੇ ਹੱਥ
ਵਕਤ ਦੇ ਸਾਰੇ ਮੋਹਰੇ
ਜਿੰਨਾਂ ਨੇ ਖੜਾਵਾਂ ,ਤਸਬੀ
ਤੇ ਕੰਮਡਲ ਤੋੜੇ
ਪਰ
ਧੁਣੀ
ਕੋਲੋਂ ਕਿਵੇ ਉੱਠਾਂ
ਜਾਂ ਫਿਰ ਆਤਮਾ ਦੀ ਭਬੂਤੀ ਵਿਚ
ਅਗਰਬੱਤੀ ਵਾਂਗ ਧੁੱਖ
ਤੇ ਕੋਲ ਬਹਿ ਕੇ ਵੇਖ
…ਕਿਵੇਂ ਸੁਲਗਦੀ ਹੈ ਚੁੱਪ

No comments:

Post a Comment