Saturday, October 3, 2015

ਸੰਪਾਦਕੀ- ਮਹਿਰਮ ਜੇ ਤੁਰ ਹੀ ਚੱਲਿਆ ਹੈਂ: ਪ੍ਰਮਿੰਦਰਜੀਤ ਦਾ ਤੁਰ ਜਾਣਾ--ਮੁਖਤਾਰ ਗਿੱਲ

ਪ੍ਰਮਿੰਦਰਜੀਤ ਅਜੋਕੀ ਪੰਜਾਬੀ ਕਵਿਤਾ ਦਾ ਮੂੰਹ ਮੁਹਾਂਦਰਾ ਅਤੇ ਚਰਚਿਤ ਹਸਤਾਖ਼ਰ ਸੀ ਜਿਸ ਨੇ ਆਪਣੀ ਕਾਵਿਕ ਹੋਂਦ ਨੂੰ ਪੂਰੀ ਸ਼ਿੱਦਤ ਨਾਲ ਬਰਕਰਾਰ ਰੱਖਿਆ। ਸੁਹਿਰਦ ਮਾਨਵੀ ਸਰੋਕਾਰਾਂ ਅਤੇ ਸੱਚੀਆਂ ਸੁੱਚੀਆਂ ਕਦਰਾਂ ਕੀਮਤਾਂ ਨਾਲ ਜੁੜੇ ਹੋਣ ਕਰਕੇ ਹੀ ਉਸਨੂੰ ਉਸਦੀ ਰਚਨਾਤਮਿਕਤਾ ਦੀ ਪਛਾਣ ਕਰਵਾਈ । ਖ਼ੈਰ ਇਹ ਤਾਂ ਆਲੋਚਕਾਂ ਦੀ ਭਾਸ਼ਾ ਹੈ, ਮੇਰੀ ਨਹੀਂ । ਪ੍ਰਮਿੰਦਰਜੀਤ ਮੈਨੂੰ ਉਸ ਰਿਸ਼ੀ ਵਾਂਗ ਲਗਦਾ ਜੋ ਸਦੀਆਂ ਤੋਂ ਸਾਹਿਤ ਸਾਧਨਾ ਵਿੱਚ ਲੀਨ, ਆਪਣੀ ਤਪ ਭੂਮੀ ਵਿਚ ਲਾਏ ਧੂਣੇ ਅੱਗੇ ਬੈਠਾ ਕਵਿਤਾ ਨਾਲ ਖੇਡ ਰਿਹਾ ਹੋਵੇ। ਪ੍ਰਮਿੰਦਰਜੀਤ ਨਾਲ ਮੈਂ ਪਿਛਲੇ ਚਾਰ ਦਹਾਕਿਆਂ ਤੋਂ ਜੁੜਿਆ ਹੋਇਆ ਹਾਂ । ਉਸ ਨਾਲ ਮੇਰੀ ਬੜੀ ਗੂਹੜੀ ਦੋਸਤੀ ਰਹੀ ਹੈ । ਦੋਸਤੀ ਵਿੱਚ ਉਤਰਾ-ਚੜਾਅ ਵੀ ਆਏ । ਗੁੱਸੇ ਗਿਲੇ ਸ਼ਿਕਵੇ ਵੀ ਆਏ ਹੋਣਗੇ ਪਰ ਅਸਾਂ ਇਕ ਦੂਸਰੇ ਪ੍ਰਤਿ ਆਪਣੇ ਦਿਲ ਦੇ ਕਿਸੇ ਵੀ ਕੋਨੇ ਵਿਚ ਕਿਸੇ ਨਫ਼ਰਤ ਦੀ ਭਾਵਨਾ ਨੂੰ ਨਹੀਂ ਪੁੰਗਰਨ ਦਿੱਤਾ ।
੧੯੬੯-੭੦ ਵਿੱਚ ਮੈਂ ਤੇ ਗੁਲਚੌਹਾਨ ਪ੍ਰੀਤਨਗਰ ਦੇ ਨੇੜੇ ਵੱਖ ਵੱਖ ਸਕੂਲਾਂ ਵਿੱਚ ਪੜ੍ਹਾਉਂਦੇ ਸੀ । ਅਸੀਂ ਦੂਸਰੇ ਤੀਸਰੇ ਦਿਨ ਅੰਬਰਸਰ ਫਿਰਨ ਤੁਰਨ ਲਈ ਆਉਂਦੇ । ਅਸੀਂ ਤੇਜ ਪ੍ਰਿੰਟਿੰਗ ਪ੍ਰੈੱਸ ਵੀ ਜਾਂਦੇ ਜਿਥੇ ਅਕਸਰ ਮੋਹਨਜੀਤ ਤੇ ਨਿਰਮਲ ਅਪਰਨ ਮਿਲਦੇ । ਅਸੀਂ ਉਨ੍ਹਾਂ ਨੂੰ ਹਸਰਤ ਭਰੀਆਂ ਨਜ਼ਰਾਂ ਨਾਲ ਵੇਖਦੇ । ਫਿਰ ਸਾਡੇ ਨਾਲ ਲੋਕ ਨਾਥ ਮਿਲ ਪਿਆ । ਇਕ ਦਿਨ ਹਾਲ ਗੇਟ ਦੇ ਬਾਹਰ ਪੁਰਾਣੀਆਂ ਕਿਤਾਬਾਂ/ਮੈਗਜ਼ੀਨ ਦੀ ਦੁਕਾਨ ਫੋਲਾ ਫਾਲੀ ਕਰਦਾ, 'ਕੰਮ ਦੀ ਚੀਜ਼ ਲੱਭਦਾ' ਪ੍ਰਮਿੰਦਰਜੀਤ ਮਿਲ ਪਿਆ । ਸਾਹਿਤਕ ਸਾਂਝ ਨੇੜਤਾ ਵਿੱਚ ਤਬਦੀਲ ਹੁੰਦੀ ਗਈ ।
ਉਹ ਪੜ੍ਹਦਾ ਬਹੁਤ ਸੀ ਅਤੇ ਅਸੀਂ ਤਿੰਨੇ ਅਵਾਰਗਰਦੀ ਜ਼ਿਆਦਾ ਕਰਦੇ ਸੀ । ਮੈਨੂੰ ਲਾਰੈਂਸ ਰੋਡ ਦਾ ਗੇੜਾ ਪਸੰਦ ਸੀ । ਗੁਲਚੌਹਾਨ ਨੂੰ ਸ੍ਰੀ ਦਰਬਾਰ ਸਾਹਿਬ ਨੇੜਲੇ ਭੀੜੇ ਬਾਜ਼ਾਰ ਅਤੇ ਲੋਕ ਨਾਥ ਸ਼ਿਵ ਨੂੰ ਢੂੰਡਦਾ ਤੇ ਓਪਨ ਏਅਰ ਥੀਏਟਰ । ਕਦੇ ਕਦੇ ਪ੍ਰਮਿੰਦਰਜੀਤ ਨਾਲ ਅਸੀਂ ਇਕ ਸਾਦੇ ਜਿਹੇ ਢਾਬੇ 'ਤੇ ਜਾਂਦੇ ਜਿਥੇ ਇਕ ਮਾਈ ਤਵੇ 'ਤੇ ਰੋਟੀ ਪਕਾ, ਦੇਸੀ ਘਿਓ ਦੇ ਤੜਕੇ ਵਾਲੀ ਦਾਲ ਦੀ ਕੌਲੀ, ਆਚਾਰ ਆਦਿ ਨਾਲ ਸਜਾ, ਖੁਦ ਪਰੋਸਦੀ ਸੀ । ਪ੍ਰਮਿੰਦਰਜੀਤ ਨੂੰ ਮਾਂ ਦੀ ਹੱਥ ਦੀ ਪੱਕੀ ਰੋਟੀ ਦਾ ਸਵਾਦ ਆਉਂਦਾ । ਉਹ ਆਪਣੀ ਮਾਂ ਨੂੰ ਮੋਹ ਵੀ ਬੜਾ ਕਰਦਾ ਸੀ । ਇਕ ਦਿਨ ਮੈਂ ਤੇ ਪ੍ਰਮਿੰਦਰਜੀਤ ਪ੍ਰੀਤ ਨਗਰ ਰਸੋਈ ਵਿੱਚ ਸੀ । ਉਹ ਫੁਲਕੇ ਲਾਹ ਰਿਹਾ ਸੀ ਅਤੇ ਮੈਂ ਆਂਡਿਆਂ ਦੀ ਭੁਰਜੀ ਲਈ ਪਿਆਜ ਅਦਰਕ ਆਦਿ ਕੱਟ ਰਿਹਾ ਸੀ ਕਿ ਰਸੋਈ ਦੇ ਬਾਹਰ ਕਿਸੇ ਦੇ ਡੁੱਸਕਣ ਦੀ ਆਵਾਜ਼ ਆਈ । ਅਸੀਂ ਤ੍ਰੱਭਕੇ, ਉਹ ਮਾਂ ਸੀ, ਜੋ ਨੰਗਲ ਤੋਂ ਆਈ ਸੀ ਅਤੇ ਪੁੱਤਾਂ ਨੂੰ 'ਹੱਥ ਸਾੜਦਿਆਂ' ਵੇਖ ਉਸਦੀ ਮਮਤਾ ਅੱਥਰੂ ਬਣ ਉਮੜ ਆਈ ਸੀ । ਬੀਬੀ ਨੇ ਵਾਰੀ ਵਾਰੀ ਸਾਡੇ ਹੱਥ ਚੁੰਮੇ । ਪ੍ਰਮਿੰਦਰਜੀਤ ਦੀਆਂ ਕਈ ਕਵਿਤਾਵਾਂ ਵਿੱਚੋਂ ਮਾਂ ਪ੍ਰਤੀ ਇਹ ਮੋਹ ਉੱਭਰਦਾ ਹੈ ।ਸੀ । ਮੈਂ ਪ੍ਰੀਤ ਨਗਰ ਦਾ ਗਿੱਝਾ ਥਕਾਵਟ ਲਾਹੁਣ ਲਈ ਨਹਾਉਣ ਦਾ ਮਨ ਬਣਾ ਲਿਆ । ਜਿਉਂ ਹੀ ਮੈਂ ਟੂਟੀ ਵਿੱਚ ਆਉਂਦਾ ਸਤਲੁਜ ਦਾ ਬਰਫ਼ੀਲਾ ਪਾਣੀ ਆਪਣੇ ਜਿਸਮ 'ਤੇ ਪਾਇਆ ਤਾਂ ਮੈ ਂਵੀ ਬਰਫ਼ ਬਣ ਗਿਆ । ਛੇਤੀ ਛੇਤੀ ਪਿੰਡਾ ਪੂੰਝ ਕਪੜੇ ਪਾਏ । ਠੰਡ ਲਾਹੁਣ ਲਈ ਉਸਦਾ ਸੁਝਾਅ ਮੰਨ ਮੈਂ ਰੰਮ ਦੇ ਦੋ ਪੈੱਗ ਵੀ ਲਾਏ । ਬੀਬੀ ਦਾ ਬਣਾਇਆ ਕੋਈ ਕਾਹੜਾ ਵੀ ਪੀਤਾ ਪਰ ਮੇਰੀ ਕੰਬਣੀ ਨਹੀਂ ਸੀ ਹਟ ਰਹੀ । ਰਾਤ ਹੀਟਰ ਨਾਲ ਕਮਰਾ ਗਰਮ ਕੀਤਾ । ਦੋ ਵਾਰ ਰਾਤ ਉੱਠ ਮੇਰੇ 'ਤੇ ਰਜਾਈ ਕੰਬਲ ਪਾਇਆ । ਇਹ ਸੀ ਮਮਤਾ ਦੀ ਮੂਰਤ, ਸਾਡੀ ਬੀਬੀ ।
ਪ੍ਰਮਿੰਦਰਜੀਤ ਨੰਗਲ ਨੂੰ ਬਹੁਤ ਯਾਦ ਕਰਦਾ ਰਿਹਾ । ਸੁਰਿੰਦਰ ਜੀਤ ਹੀਰੇ ਦੀ ਦੋਸਤੀ । ਸ਼ਿਵ ਕੁਮਾਰ ਨੂੰ ਨੰਗਲ ਕਵੀ ਦਰਬਾਰ ਵਿੱਚ ਹਾਜ਼ਰੀ ਭਰਨ ਲਈ ਲੈ ਆਉਣ ਅਤੇ ਨਿਹੰਗ ਸਿੰਘਾਂ ਵੱਲੋਂ ਮਿਊਂਸਪੈਲਟੀ ਦਾ ਸਾਹਨ (ਬੱਕਰਾ) ਫੜ ਡਲੇ ਬਣਾ ਛੱਕ ਜਾਣ ਦੀ ਯੋਜਨਾ ਨਾਕਾਮ ਕਰਨ ਵਾਲੇ ਪ੍ਰਸੰਗ, ਹਮੇਸ਼ਾ ਉਸਦੇ ਅੰਗਸੰਗ ਰਹੇ ।
ਪ੍ਰਮਿੰਦਰਜੀਤ ਦੇ ਵਾਕਆਊਟ ਬੜੇ ਮਸ਼ਹੂਰ ਹੋਏ । ਪਹਿਲਾ ਵਾਕਆਊਟ ਸ਼ਾਇਦ ਉਸਦਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਬਰਸਰ ਤੋਂ ਹਰਜੀਤ ਸਿੰਘ ਦੇ ਉਸ ਕਮਰੇ ਵਿਚੋਂ ਹੋਇਆ ਜਿਥੇ ਉਹ ਕੁਝ ਦਿਨ ਠਹਿਰ ਗਿਆ ਸੀ । ਆਰਥਿਕ ਹਾਲਤ ਨਾਸਾਜ਼ਗਾਰ ਹੋਣ ਕਰਕੇ ਖੋਜਾਰਥੀ ਹਰਜੀਤ ਉਸਨੂੰ ਬੋਝ ਸਮਝਣ ਲੱਗਾ ਸੀ । ਯੂਨੀਵਰਸਿਟੀ ਤੋਂ ਉਹ ਇੰਟਰਨਸ਼ਿਪ ਕਰ ਰਹੇ ਸ਼ਾਇਰ ਡਾ. ਰਵਿੰਦਰ ਤੇ ਡਾ. ਕਰਨੈਲ ਦੇ ੧੯ ਕਮਰੇ ਵਿੱਚ ਆ ਪਹੁੰਚਾ । ਉਥੇ ਸਾਡਾ ਟੋਲਾ ਮੈਂ, ਗੁਲ, ਖੁਰਸ਼ੀਦ, ਕੈਰੋਂ, ਮੋਹਨਜੀਤ ਤੇ ਹਰਪਾਲਜੀਤ ਪਾਲੀ ਆਦਿ ਵੀ ਆਉਣ ਲਗ ਪਏ । ਖ਼ੂਬ ਮਹਿਫ਼ਲਾਂ/ਸ਼ਾਇਰੋ ਸ਼ਾਇਰੀ ਪਰ ਛੇਤੀ ਹੀ ਡਾਕਟਰ ਅਤੇ ਉਨ੍ਹਾਂ ਦੇ ਸਹਿਪਾਠੀ ਸਾਡੇ ਰੌਲੇਰੱਪੇ ਤੋਂ ਪਰੇਸ਼ਾਨ ਹੋ ਗਏ । ਕੋਈ ਕਿਸੇ ਦਾ ਕੋਟ ਪਾਈ ਜਾ ਰਿਹਾ, ਕੋਈ ਕਮੀਜ਼ । ਕਿਸੇ ਨੂੰ ਬੂਟ ਚੰਗੇ ਲੱਗ ਗਏ ਤੇ ਕਿਸੇ ਨੂੰ ਪੈਂਟ । ਕਦੇ ਕਦੇ ਅਮਿਤੋਜ਼, ਪਾਤਰ । ਡਾਕਟਰਾਂ ਦੇ ਕੰਟੀਨ ਦੇ ਖਰਚੇ ਵਧ ਗਏ ।
ਉਸਦੇ ਇਕ ਹੋਰ ਵਾਕਆਊਟ ਦੀ ਨੌਬਤ ਤੋਂ ਪਹਿਲਾਂ ਹੀ ਡਾ. ਰਵਿੰਦਰ ਤੇ ਕਰਨੈਲ ਮੈਨੂੰ ਕਹਿਣ ਲੱਗੇ, ''ਤੂੰ ਪ੍ਰੀਤਨਗਰ ਇਕੱਲਾ ਰਹਿੰਦਾ ਏਂ, ਤੇਰੇ ਕੋਲ ਪੂਰੀ ਕੋਠੀ ਹੈ । ਤੁਸੀਂ ਪ੍ਰੀਤ ਨਗਰ ਤੋਂ 'ਅੱਖਰ' ਕੱਢੋ । ਅਸੀਂ ਸਹਿਯੋਗ ਦਿਆਂਗੇ ।''
ਪ੍ਰੀਤਨਗਰ ਤੋਂ ਅੱਖਰ ਨਿਕਲਿਆ, ਮੁਖ ਸੰਪਾਦਕ : ਪ੍ਰਮਿੰਦਰਜੀਤ, ਸੰਪਾਦਕ : ਮੁਖਤਾਰ ਗਿੱਲ ਤੇ ਸਹਾਇਕ ਡਾ. ਰਵਿੰਦਰ ਤੇ ਡਾ. ਕਰਨੈਲ। ਪ੍ਰੀਤਨਗਰ ਅਸੀਂ ਰੋਟੀ ਨਾਸ਼ਤੇ ਆਦਿ ਦਾ ਕੰਮ ਵੰਡ ਲਿਆ ਸੀ । ਵਾਰੀ ਵਾਰੀ ਪਕਾ ਲੈਂਦੇ ਸੀ । ਪਰ ਔਖੇ ਉਸ ਵੇਲੇ ਹੁੰਦੇ ਜਦੋਂ ਸਾਡੇ ਲੇਖਕ ਮਿੱਤਰ ਉਤਰੇ ਹੁੰਦੇ ਉਹ ਕਮਰੇ ਵਿੱਚ ਦਾਰੂ ਪੀਂਦੇ ਅਤੇ ਅਸੀਂ ਗਰਮੀ ਸਰਦੀ ਵਿੱਚ ਉਨ੍ਹਾਂ ਲਈ ਰੋਟੀ ਪਕਾ ਰਹੇ ਹੁੰਦੇ । ਚਾਹ ਵਾਲੇ ਭਾਂਡੇ ਧੋ ਰਹੇ ਹੁੰਦੇ । ਸ਼ਰਾਬ ਸਸਤੀ, ਮੀਟ ਵੀ ਵਾਧੂ ਅਤੇ ਫਲ ਸਬਜ਼ੀਆਂ ਪ੍ਰਧਾਨ ਸਕੱਤਰ ਦੀ ਆੜਤ/ਦੁਕਾਨ ਤੋਂ ਆ ਜਾਂਦੀਆਂ । ਲੜਾਈ ਸਾਡੀ ਪੀਣ ਦੌਰਾਨ (ਅਮਰਜੀਤ ਚੰਦਨ, ਮਾ. ਬਲਵਿੰਦਰ ਜਾਂ ਕੋਈ ਬਾਹਰੋਂ ਆਏ ਲੇਖਕਾਂ ਦੀ ਹਾਜ਼ਰੀ ਵਿੱਚ) ਅਕਸਰ ਹੁੰਦੀ । ਮੈਂ ਰੇਡੀਓ ਦਾ ਸਟੇਸ਼ਨ ਬਦਲ ਦੇਂਦਾ ਸੀ, ਜਦੋਂ ਉਹ ਪਾਕਿਸਤਾਨ ਦੇ ਲਾਹੌਰ ਰੇਡੀਓ ਤੋਂ ਮਹਿੰਦੀ ਹਸਨ, ਫ਼ਰੀਦਾ ਖ਼ਾਨਮ, ਗ਼ੁਲਾਮ ਅਲੀ ਆਦਿ ਦੀਆਂ ਗ਼ਜ਼ਲਾਂ ਸੁਣ ਰਿਹਾ ਹੁੰਦਾ । ਮੈਨੂੰ ਅਸਲ ਵਿਚ ਗ਼ਜ਼ਲਾਂ ਸਮਝ ਨਹੀਂ ਸੀ ਆਉਂਦੀਆਂ । ਮੈਂ ਆਲ ਇੰਡੀਆ ਰੇਡੀਓ ਤੋਂ ਨਵੇਂ/ਪੁਰਾਣੇ ਗਾਣੇ ਲਗਾ ਲੈਂਦਾ । ਪਰ ਇਸ ਲੜਾਈ/ਅਪਸ਼ਬਦੀ ਜੰਗ ਦਾ ਸਵੇਰੇ ਕੋਈ ਨਾਮ ਨਿਸ਼ਾਨ ਨਹੀਂ ਸੀ ਕਿਧਰੇ ਦਿੱਸਦਾ । ਮੈਂ ਸਕੂਲ ਲਈ ਤਿਆਰ ਹੋ ਰਿਹਾ ਹੁੰਦਾ ਤੇ ਉਹ ਰਸੋਈ ਵਿੱਚ ਪਰੌਂਠਾ ਪਕਾ ਰਿਹਾ ਹੁੰਦਾ । ਤਿਆਰ ਹੋ ਮੈਂ ਚਾਹ ਬਣਾ ਰਿਹਾ ਹੁੰਦਾ ਤੇ ਉਹ ਨਹਾ ਧੋ ਰਿਹਾ ਹੁੰਦਾ । ਮੈਂ ਸਕੂਲ ਚਲਾ ਜਾਂਦਾ ਤੇ ਉਹ ਸਾਹਿਤਕ ਸਾਧਨਾ ਵਿੱਚ ਜੁੱਟ ਜਾਂਦਾ ਜਾਂ ਸ਼ਾਮ ਦੀ ਉਡੀਕ ਕਰਦਾ ।
ਸਾਡੀ ਸਾਂਝੀ ਜੇਬ ਤੇ 'ਅੱਖਰ' ਸਾਡਾ 'ਵਾਹਨ' । ਅਸੀਂ ਥੈਲੇ ਵਿੱਚ 'ਅੱਖਰ' ਪਾ ਤਰਨ ਤਾਰਨ, ਪੱਟੀ, ਬੁਰਜ ਨੱਥੂ ਕੇ (ਹਰਜੀਤ ਸੰਧੂ, ਅਤੈ ਸਿੰਘ) ਮੋਗਾ (ਹਰਪਾਲਜੀਤ ਪਾਲੀ, ਕੇ.ਐਲ. ਗਰਗ, ਦੇਸ ਰਾਜ, ਅਜਮੇਰ ਗਿੱਲ, ਸੁਖਦੇਵ ਚੁੱਪ ਕੀਤੀ) ਜਗਰਾਉਂ (ਭਗਵਾਨ ਢਿੱਲੋਂ, ਅਜੀਤ ਪਿਆਸਾ) ਲੁਧਿਆਣਾ (ਪਾਤਰ, ਪਰਵੇਸ਼, ਸਵਰਨਜੀਤ ਸਵੀ, ਅਮਰਜੀਤ ਗਰੇਵਾਲ, ਸੁਖਚੈਨ ਮਿਸਤ੍ਰੀ, ਬੀਬਾ ਕੁਲਵੰਤ) ਚੰਡੀਗੜ੍ਹ (ਜੋਗਾ ਸਿੰਘ, ਪ੍ਰੇਮ ਗੋਰਖੀ, ਮੂਹਰਜੀਤ, ਭੂਸ਼ਨ) ਪਟਿਆਲਾ ਕੜ੍ਹਾਹੇ ਵਾਲਾ ਚੌਕ (ਹਰਨੇਕ), ਪੰਜਾਬੀ ਯੂਨੀਵਰਸਿਟੀ (ਲੋਕ ਨਾਥ), ਸੰਗਰੂਰ (ਭਗਤ ਰਾਮ ਸ਼ਰਮਾ), ਜਲੰਧਰ (ਅਵਤਾਰ ਜੌੜਾ, ਸਵ. ਮਹਿੰਦਰ ਭੱਟੀ, ਲਖਵਿੰਦਰ ਜੌਹਲ, ਸਵ. ਸਵਿਤੋਜ, ਕੇ.ਕੇ. ਰੱਤੂ, ਜਸਵੰਤ ਦੀਦ), ਨਕੋਦਰ (ਪਾਸ਼, ਕਰਮਜੀਤ, ਮੋਹਨ ਸਪਰਾ), ਰੋਪੜ (ਨੱਥਾ ਸਿੰਘ ਗਿੱਲ), ਅਬੋਹਰ (ਡਾ. ਸ਼ਿੰਦਰ) ਸਾਰਾ ਪੰਜਾਬ ਗਾਹ ਆਉਂਦੇ, ਮਹਿਫ਼ਲਾਂ ਵਿੱਚ ਸ਼ਿਰਕਤ ਕਰਦੇ ਅਤੇ ਸਾਹਿਤਕ ਦੋਸਤੀਆਂ ਹੋਰ ਪੀਢੀਆਂ ਕਰਦੇ ।
ਪ੍ਰੀਤ ਨਗਰ ਦੀ ਸਾਹਿਤਕ ਮਹਿਫ਼ਲ (੧੬ ਅਕਤੂਬਰ ੧੯੭੬) ਅਸਾਂ (ਪ੍ਰਮਿੰਦਰਜੀਤ, ਮੁਖਤਾਰ ਗਿੱਲ, ਅਮਰਜੀਤ ਚੰਦਨ) ਦੋਮਾਸਿਕ 'ਅੱਖਰ' ਵੱਲੋਂ ਸਾਹਿਤਕ ਮਿੱਤਰਾਂ ਦੀ ਮਹਿਫ਼ਲ ਸੱਦਣ ਦਾ ਵਿਚਾਰ ਬਣਾਇਆ ਜਿਸ ਵਿਚ ਕੁਝ ਨਵਪ੍ਰਕਾਸ਼ਿਤ ਪੁਸਤਕਾਂ (ਬੇੜੀਆਂ ਤੇ ਬਾਦਬਾਨ, ਸੰਪਾਦਕ ਪ੍ਰਮਿੰਦਰਜੀਤ, ਸ਼ਹਰਯਾਰ, ਮਿੱਟੀ ਦੀ ਚਿੜੀ ਮੁਖਤਾਰ ਗਿੱਲ, ਮਿੱਟੀ ਦਾ ਮੋਰ ਸੁਖਚੈਨ ਮਿਸਤਰੀ, ਤੁਰਦੇ ਫਿਰਦੇ ਮਸਖਰੇ ਵਰਵਰੀਕ, ਮੋਹਨਜੀਤ) 'ਤੇ ਵਿਚਾਰ ਵਟਾਂਦਰਾ ਕੀਤਾ ਜਾਵੇ । ਮੁਸਲਮਾਨ ਫ਼ਕੀਰ ਸਾਈਂ ਸ਼ਾਹ ਬਖ਼ਤਿਆਰ ਦੀ ਖਾਨਗਾਹ 'ਤੇ ਅਦਬ ਦਾ ਦੀਵਾ ਬਾਲ ਇਸ ਲੇਖਕ ਮਹਿਫ਼ਲ ਦਾ ਆਗਾਜ਼ ਕੀਤਾ ਗਿਆ । ਇਸ ਬੇਆਵਾਜ਼ ਖਾਨਗਾਹ ਜਿਥੇ ਵੀਰਵਾਰ ਦੇ ਵੀਰਵਾਰ ਦੀਵੇ ਤਾਂ ਜਗਦੇ ਹਨ ਪਰ ਸਾਹਿਤਕ ਬੋਲਾਂ ਦਾ ਨਿੱਘ ਪਹਿਲੀ ਵਾਰ ਮਹਿਸੂਸ ਹੋਇਆ । ਇਸ ਦੇ ਖੰਡਰਾਂ ਵਿਚੋਂ ਗੁੰਮ ਹੋ ਗਈ ਅਜਾਨ ਗੂੰਜ ਉਠੀ ।
ਉਸ ਕਦੇ ਨਾ ਵਿਸਰਨ ਵਾਲੀ ਲੇਖਕ ਮਹਿਫ਼ਲ ਵਿੱਚ ਮੁਖ ਮਹਿਮਾਨ ਵਜੋਂ ਨਵਤੇਜ ਸਿੰਘ ਸ਼ਾਮਲ ਹੋਏ । ਪ੍ਰੀਤ ਨਗਰ ਦੀ ਇਸ ਸਾਹਿਤਕ ਮਹਿਫ਼ਲ ਵਿੱਚ ਸੁਤਿੰਦਰ ਸਿੰਘ ਨੂਰ, ਸੁਰਜੀਤ ਹਾਂਸ, ਸਬਿੰਦਰਜੀਤ ਸਿੰਘਸਾਗਰ, ਨੰਗਲ ਤੋਂ ਸੁਰਿੰਦਰ ਦੀਪ, ਸੁਰਜੀਤ ਪਾਤਰ, ਹਰਨਾਮ, ਰਮਨ, ਮੋਹਨਜੀਤ, ਸ਼ਹਰਯਾਰ, ਅਮਰਜੀਤ ਗਰੇਵਾਲ, ਸੰਤੋਖ ਸਿੰਘ, ਹਰਚੰਦ ਸਿੰਘ ਬੇਦੀ, ਬਲਜੀਤ ਢਿਲੋਂ, ਅਤੈ ਸਿੰਘ, ਦਿਲਜੀਤ ਪਾਲ, ਜੋਗਿੰਦਰ ਕੈਰੋਂ, ਹਰਭਜਨ ਬਾਜਵਾ, ਕਰਮਜੀਤ, ਮੁਖਤਿਆਰ ਸਿੰਘ, ਡਾ. ਕੁਲਵੰਤ, ਰਵਿੰਦਰ, ਬਚਨਜੀਤ, ਖ਼ੁਰਸ਼ੀਦ, ਸ਼ਿੰਦਰ ਗਿੱਲ, ਆਦਿ ਲੇਖਕ ਮਿੱਤਰਾਂ ਸ਼ਿਰਕਤ ਕੀਤੀ ਸੀ । ਇਹ ਮਹਿਫ਼ਲ ਪ੍ਰੀਤ ਨਗਰ ਵਿੱਚ ਉਸਦੀ ਮਹੱਤਵਪੂਰਨ ਪ੍ਰਾਪਤੀ ਸੀ ।
ਇਸ ਤੋਂ ਇਲਾਵਾ ਅਸੀਂ ੩੧ ਦਸੰਬਰ ਨੂੰ ਨਾਟਕ ਵੀ ਕਰਵਾਉਂਦੇ ਸੀ । ਇਹ ਸਿਲਸਿਲਾ 'ਕਾਲੇ ਦਿਨਾਂ' ਦੌਰਾਨ ਵੀ ਚਲਦਾ ਰਿਹਾ ਭਾਵੇਂ ਅਸੀਂ ਸੀਮਤ ਕਰ ਕਮਰਿਆਂ ਤਕ ਲੈ ਆਂਦਾ । ਇਕ ਵਾਰ ਲੇਖਕਾਂ ਦੀ ਮਹਿਫ਼ਲ ਜੋਬਨ 'ਤੇ ਸੀਗੁਆਂਢੀ ਪਿੰਡ ਪੁਲਿਸ ਚੌਂਕੀ 'ਤੇ ਹਮਲਾ ਹੋ ਗਿਆ । ਘੰਟਾ ਕੁ ਗੋਲੀ ਚਲੀ, ਸਭ ਆਪਣੀ ਆਪਣੀ ਜਗ੍ਹਾ ਦੁੱਬਕੇ ਪਏ ਰਹੇ । ਫਿਰ ਕੁਝ ਸਮੇਂ ਲਈ ਇਹ ਸਿਲਸਿਲਾ ਬੰਦ ਰਿਹਾ ਫਿਰ ਭਲੇ ਸਮੇਂ ਆਉਣ 'ਤੇ ਮੁੜ ਸ਼ੁਰੂ ਹੋ ਸਕਿਆ । ਸ੍ਰੀਮਤੀ ਇੰਦਰਾ ਗਾਂਧੀ ਨੇ ਦੇਸ਼ ਵਿੱਚ ਐਮਰਜੈਂਸੀ ਠੋਸ ਦਿੱਤੀ ਸੀ । ਮੀਡੀਆ 'ਤੇ ਸੈਂਸਰ ਲਾਗੂ । ਲੀਡਰ ਜੇਲ੍ਹਾਂ ਵਿੱਚ ਬੰਦ । ਇਸੇ ਦੌਰਾਨ ਜੰਮੂ-ਕਸ਼ਮੀਰ ਪੰਜਾਬੀ ਸਾਹਿਤ ਸਭਾ ਸ੍ਰੀਨਗਰ ਵੱਲੋਂ ਸਰਬਹਿੰਦ ਲੇਖਕ ਕਾਨਫ਼ਰੰਸ ਕਰਵਾਈ ਗਈ । ਕਾਨਫ਼ਰੰਸ ਵਿਚ ਵੱਡੀ ਗਿਣਤੀ ਲੇਖਕਾਂ ਦੀ ਸੀ । ਡਾ. ਫ਼ਾਰੂਕ ਅਬਦੁੱਲਾ ਸਾਬਕਾ ਮੁੱਖ ਮੰਤਰੀ, ਮੀਰ ਕਾਸਿਮ, ਪੰਜਾਬ ਦੇ ਮੁਖ ਮੰਤਰੀ ਗੁਰਮੁਖ ਸਿੰਘ ਮੁਸਾਫ਼ਿਰ, ਡਾ. ਅਤਰ ਸਿੰਘ, ਡਾ. ਕਾਂਗ, ਡਾ. ਸ਼ੀਤਲ, ਡਾ. ਹਰਭਜਨ ਸਿੰਘ, ਗਿਆਨੀ ਜ਼ੈਲ ਸਿੰਘ, ਡਾ. ਸਾਧੂ ਸਿੰਘ ਹਮਦਰਦ, ਸੂਬਾ ਸਿੰਘ ਆਦਿ ਸ਼ਾਮਲ ਸਨ । ਕਾਨਫ਼ਰੰਸ ਦੌਰਾਨ ਕੁਝ ਸਤਾ ਪੱਖੀ ਅਦੀਬ ਤੇ ਸਿਆਸਤਦਾਨ ਐਮਰਜੈਂਸੀ ਦੀ ਹਮਾਇਤ ਵਿਚ ਲੇਖਕਾਂ ਦੀ ਸਹਿਮਤੀ ਦਾ ਮਤਾ ਪਾਸ ਕਰਵਾਉਣਾ ਚਾਹੁੰਦੇ ਸਨ ਪਰ ਪ੍ਰਿੰ. ਸੰਤ ਸਿੰਘ ਸੇਖੋਂ ਦੀ ਅਗਵਾਈ ਹੇਠ ਪੰਜਾਬ ਦੇ ਡੈਲੀਗੇਟਾਂ ਪ੍ਰਮਿੰਦਰਜੀਤ, ਪਾਸ਼, ਮੁਖਤਾਰ ਗਿੱਲ, ਡਾ. ਕਰਨੈਲ, ਡਾ. ਰਵਿੰਦਰ, ਸਥਾਨਕ ਅਦੀਬਾਂ ਡਾ. ਜੰਗੀ, ਗੁਲਸ਼ਨ ਅਤੇ ਹਰਭਜਨ ਸਾਗਰ ਆਦਿ ਦੇ ਵਿਰੋਧ ਕਾਰਨ ਮਤਾ ਪ੍ਰਧਾਨ ਖ਼ਾਲਿਦ ਹੁਸੈਨ ਦੀ ਜ਼ੇਬ ਵਿੱਚ ਹੀ ਰਿਹਾ ।
ਪ੍ਰਮਿੰਦਰਜੀਤ ਨੰਗਲ ਵਿੱਚ ਗੁਜ਼ਾਰੇ ਦਿਨਾਂ ਨੂੰ ਬੜੀ ਮੁਹੱਬਤ ਨਾਲ ਯਾਦ ਕਰਦਾ ਖ਼ਾਸ ਕਰਕੇ ਸੁਰਿੰਦਰਦੀਪ ਤੇ ਇੰਦਰਜੀਤ ਗਰੇਵਾਲ ਨਾਲ ਮਾਣੇ ਦਿਨ, ਗਿਆਨੀ ਮਾਸਟਰੀ, ਕਵੀ ਦਰਬਾਰ ਵਿੱਚ ਸ਼ਿਵ ਕੁਮਾਰ ਬਟਾਲਵੀ ਵੱਲੋਂ ਇਕ ਖ਼ਤ ਦੇ ਹੁੰਗਾਰੇ ਵਜੋਂ ਸ਼ਿਰਕਤ ਆਦਿ । ਪ੍ਰਮਿੰਦਰਜੀਤ ਨੇ ਪ੍ਰਕਾਸ਼ਕ ਬਣ 'ਪ੍ਰਕਾਸ਼ਕਾਂ' ਵਾਲੇ ਕੰਮ ਕੀਤੇ । ਉਹ ਫਿਰ ਵਿਦੇਸ਼ੀ ਲੇਖਕ ਦੋਸਤਾਂ ਅਤੇ ਅਫ਼ਸਰ ਲੇਖਕਾਂ ਨੂੰ ਵਰਤਣ ਦੀ ਕਲਾ ਵਿੱਚ ਮਾਹਰ ਹੋ ਗਿਆ । ਉਹ ਖ਼ੁਦ ਲਿਖਦਾ ਹੈ ਕਿ ਅਕਾਦਮਿਕ ਅਦਾਰਿਆਂ ਵਿਚ ਹੋਣ ਜਾਂ ਉਨ੍ਹਾਂ ਨਾਲ ਜੁੜਨ ਦੇ ਲਾਭ ਤਾਂ ਨਿਰਸੰਦੇਹ ਹਰ ਪੀੜ੍ਹੀ ਦੇ ਲੇਖਕਾਂ ਨੂੰ ਮਿਲਦੇ ਰਹੇ ਹਨ ਜਾਂ ਮਿਲਦੇ ਰਹਿਣਗੇ । ਜੇ ਵਰਿਆਮ ਸੰਧੂ ਪੂਹਲੇ ਦੇ ਪ੍ਰਾਇਮਰੀ ਸਕੂਲ ਮਾਸਟਰ (ਮੇਰੇ ਵਾਂਗ) ਹੁੰਦਾ, ਜਲੰਧਰ ਦੇ ਕਾਲਜ ਨਾ ਪਹੁੰਚਦਾ ਤਾਂ ਇਨਾਮ ਕਿਥੋਂ ਮਿਲਣੇ ਸਨ । ਉਹ ਆਪਣੇ ਅੱਖਰ ਦੇ ਕਾਲਮ 'ਲਿਖਤੁਮ ਪ੍ਰਮਿੰਦਰਜੀਤ' ਵਿਚ ਥਾਪਤੀ ਅਤੇ ਇਨਾਮਾਂ ਸ਼ਨਾਮਾਂ ਲਈ ਲੇਖਕਾਂ ਦੀਆਂ ਤਿਕੜਮ-ਬਾਜ਼ੀਆਂ ਬਾਰੇ ਜ਼ੁਰਅਤ ਨਾਲ ਲਿਖਦਾ ਰਿਹਾ ਪਰ ਜਦੋਂ ਹਾਲਾਤ ਵੇਖ ਆਪ ਦਿੱਲੀ ਨਾਲ ਸਮਝੌਤਾ ਕਰ ਲੱਖ ਟਕੀਆ ਹੋ ਗਿਆ ਤਾਂ ਦੁਸ਼ਮਣ ਅਦੀਬ ਉਡੀਕਦੇ ਰਹੇ ਕਿ ਉਹ ਹੁਣ ਕੀ ਲਿਖੇਗਾ ? ਜਪਾਨ ਤੇ ਯੂ.ਕੇ. ਦੀ ਕਰਵਾਈ 'ਸੈਰ' ਨੂੰ ਉਹ ਕੀ ਕਹੇਗਾ ? ਖ਼ੈਰ ਲਿਖਤੁਮ ਪ੍ਰਮਿੰਦਰਜੀਤ, ਮੇਰੀ ਮਾਰਫ਼ਤ ਅਤੇ ਬਚਪਨ ਘਰ ਤੇ ਮੈਂ ਆਦਿ ਕਾਵਿ ਪੁਸਤਕਾਂ ਵਿਚਲੀਆਂ ਉਸਦੀਆਂ ਜਿਉਂਦੀਆਂ/ਜਾਗਦੀਆਂ ਨਜ਼ਮਾਂ ਨੂੰ ਉਸਦੇ ਵਿਰੋਧੀ ਵੀ ਮੀਲ ਪੱਥਰ ਮੰਨ ਮਾਣਦੇ ਮੈਂ ਵੇਖੇ ਹਨ ।
ਮੇਰੇ ਕੁਝ ਹਾਸਿਲ ਵਿੱਚੋਂ ਉਸਦੀ ਕਵਿਤਾ ਦੀਆਂ ਕੁਝ ਸਤਰਾਂ, ''ਮੇਰੀ ਕਵਿਤਾ ਮੇਰੇ ਵਰਗੀ/ਮੇਰੀ ਕਵਿਤਾ ਤੇਰੇ ਵਰਗੀ । ਪਿਉ ਵਰਗੀ ਤੇ ਮਾਂ ਵਰਗੀ । ਬਚਪਨ ਦੀਆਂ ਉਮੰਗਾਂ ਵਰਗੀ । ਰਿਸ਼ਤੇ ਦੋਸਤੀਆਂ ਸੰਗ ਵਰਗੀ । ਮੋਹ ਮੁਹੱਬਤ ਦੇ ਰੰਗ ਵਰਗੀ ।'' ਤੁਸੀਂ ਵੀ ਮਾਣਦੇ ਜਾਓ ।ਅਖ਼ੀਰ ਵਿੱਚ 'ਮਹਿਰਮ ! ਜੇ ਤੁਰ ਹੀ ਚਲਿਆਂ ਏਂ/ਤਾਂ ਉਹਨਾਂ ਪਲਾਂ ਦੀ ਤਰਤੀਬ ਤਾਂ ਬਦਲ ਜਾ / ਜਿਨਾਂ ਸਾਡੇ ਹਿੱਸੇ ਦੀਆਂ ਖੁਸ਼ੀਆਂ ਤਾਂ ਜੀਅ ਲਈਆਂ ਪਰ ਸਾਡੀਆਂ ਉਦਾਸੀਆਂ ਜੀਣ ਤੋਂ ਇਨਕਾਰੀ ਨੇ। ਉਸ ਤੁਰ ਗਏ ਮੋਹ ਮੁਹੱਬਤ ਦੇ ਚਸ਼ਮੇ ਨੂੰ ਸਲਾਮ!
ਭਾਸ਼ਾ ਕਨਵੈਂਸ਼ਨ ਦਾ ਹਾਸਿਲ

ਪੰਜਾਬੀ ਤਾਲਮੇਲ ਕਮੇਟੀ ਵੱਲੋਂ ਪਿਛਲੇ ਦਿਨੀਂ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਇਕ ਹੋਰ ਭਾਸ਼ਾ ਕਨਵੈਂਸ਼ਨ ਕਰਵਾ ਕੇ ਖਾਨਾ ਪੂਰਤੀ (ਕਾਗਜੀ ਕਾਰਵਾਈ) ਪੂਰੀ ਕਰ ਲਈ ਗਈ।
ਡਾ: ਪੁਆਰ, ਪ੍ਰਧਾਨ ਸਿਰਸਾ, ਕਨਵੀਨਰ ਡ: ਅਨੂਪ ਸਿੰਘ, ਪਦਮ ਸ੍ਰੀ ਪਾਤਰ ਸਾਹਿਬ ਆਦਿ ਵਿਦਵਾਨ ਪਿਛਲੀਆਂ ਕਨਵੈਂਸ਼ਨਾਂ ਵਿਚ ਕੀਤੀਆਂ ਗੱਲਾਂ ਨੂੰ ਸ਼ਾਬਦਿਕ ਘੁਮੇਰਾਂ ਨਾਲ਼ ਦੁਹਰਾਉਂਦੇ ਰਹੇ। ਕੁਝ ਨਵੇਂ ਵਿਦਵਾਨ ਵੀ ਪ੍ਰਗਟ ਹੋਏ।ਕੋਈ ਕਹਿ ਰਿਹਾ ਸੀ ਕਿ ਪੰਜਾਬ ਕੋਲ਼ ਨਾ ਆਪਣੀ ਰਾਜਧਾਨੀ ਹੈ ਤੇ ਨਾ ਹਾਈਕੋਰਟ ਹੈ। ਮਾਂ ਬੋਲੀ ਨੂੰ ਕਿਸੇ ਵੀ ਸਰਕਾਰ ਨੇ ਉਸਦਾ ਬਣਦਾ ਮਾਣ ਸਤਿਕਾਰ ਨਹੀ ਦਿੱਤਾ। ਕਿਸੇ ਨੇ ਤਿੰਨ ਭਾਸ਼ਾਈ ਫਾਰਮੂਲਾ ਅਤੇ ਰਾਜ ਭਾਸ਼ਾ ਕਾਨੂੰਨ ਇਨ ਬਿਨ ਲਾਗੂ ਕਰਨ ਦੀ ਪਹਿਲਾਂ ਵਾਂਗ ਮੰਗ ਰੱਖ ਦਿੱਤੀ। ਅਗਲੀ ਕਨਵੈਂਸ਼ਨ 'ਚ ਫਿਰ ਇਹੋ ਗੱਲ ਕਰਾਂਗੇ ਤਦ ਤੱਕ ਰੱਬ ਰਾਖਾ!

ਸਾਹਿਤ ਬਨਾਮ ਚੋਣ ਰਾਜਨੀਤੀ

ਪਿਛਲੇ ਕੁਝ ਸਾਲਾਂ ਤੋਂ ਚੋਣਾ ਮੌਕੇ ਬੱਸਾਂ, ਟਰੱਕਾਂ ਤੇ ਕਾਰਾਂ 'ਚ ਪੰਜਾਬੀ ਭਵਨ ਲੁਧਿਆਣਾ ਵੋਟਰ ਮੈਂਬਰਾਂ ਦੀ ਢੋਆ ਢੁਆਈ, ਇਸ ਤਰ੍ਹਾਂ ਚੁਣੇ ਗਏ ਅਹੁਦੇਦਾਰਾਂ ਦੀ ਕਾਰਗੁਜਾਰੀ ਵੇਖ ਮਾਂ ਬੋਲੀ, ਸਾਹਿਤ ਨੂੰ ਸਮਰਪਿਤ ਕੁਝ ਸੁਹਿਰਦ ਲੇਖਕ ਮਹਿਸੂਸ ਕਰਨ ਲੱਗ ਪਏ ਹਨ ਕਿ ਲੇਖਕ ਸਭਾ ਤੇ ਅਕਾਦਮੀਆਂ ਅਪ੍ਰਸੰਗਿਕ ਹੋ ਗਈਆਂ ਹਨ। ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਹਰ ਮਹੀਨੇ ਹੋਣ ਵਾਲ਼ੀ ਸਭਾ ਦੀ ਮੀਟਿੰਗ ਵਿਚ ਲੇਖਕਾਂ ਦੀ ਭਰਵੀਂ ਹਾਜਰੀ ਹੁੰਦੀ ਸੀ। ਨਵੇਂ ਅਤੇ ਸਥਾਪਿਤ ਲੇਖਕਾਂ ਵੱਲੋਂ ਰਚਨਾਵਾਂ ਪੜ੍ਹੀਆਂ ਜਾਂਦੀਆਂ ਸਨ। ਉਨ੍ਹਾਂ 'ਤੇ ਬੜਾ ਉਸਾਰੂ ਵਿਚਾਰ ਵਟਾਂਦਰਾ ਹੁੰਦਾ ਸੀ। ਸੀਨੀਅਰ ਲੇਖਕ ਦੇ ਸੁਝਾਅ ਨੂੰ ਨਵਾਂ ਲੇਖਕ ਸਤਿਕਾਰਦਾ ਸੀ। ਪਰ ਅੱਜ ਆਗੂ ਨੁਮਾ ਲੇਖਕ ਸਾਹਿਤਕ ਹਿੱਤਾਂ ਦੀ ਗੱਲ ਨਹੀ ਕਰਦੇ ਸਗੋਂ 'ਸਾਹਿਤ ਸਭੱਈਆਂ' ਨੂੰ ਪੁੱਛਦਾ ਹੈ ਕਿ 'ਕਿੰਨੇ ਮੈਂਬਰ ਬਣ ਗਏ'? ਛੁਪੀ ਪ੍ਰਤਿਭਾ ਵਿਚੋਂ ਚੰਗੇ ਸਾਹਿਤ ਦੀਆਂ ਸੰਭਾਵਨਾਵਾਂ ਤਲਾਸ਼ਣ ਦੀ ਥਾਂ ਉਹ ਵੋਟਰ ਮੈਂਬਰ ਲੇਖਕਾਂ ਨੂੰ ਤਰਜੀਹ ਦਿੰਦਾ ਹੈ। ਉਨ੍ਹਾਂ ਨੂੰ ਉਤਸ਼ਾਹਿਤ ਕਰਦਾ ਹੈ। ਇਹੋ ਪ੍ਰਮੁੱਖ ਕਾਰਨ ਹਨ ਅੱਜ ਦਾ ਲੇਖਕ ਬਹੁਤ ਕਾਹਲ਼ੀ 'ਚ ਹੈ। ਪੇਸੇ ਖਰਚ ਕੇ ਕਿਤਾਬ ਛਪਵਾਉਂਦਾ ਹੈ। ਉਹ ਆਪਣੇ ਖਰਚੇ 'ਤੇ ਕਰਵਾਏ ਸਮਾਗਮ ਵਿਚ ਆਪਣੀ ਪੁਸਤਕ ਲੋਕ ਅਰਪਣ, ਗੋਸ਼ਟੀ, ਆਪਣਾ ਸਨਮਾਨ ਕਰਵਾ ਸਥਾਪਿਤ ਹੋ ਜਾਣਾ ਚਾਹੁੰਦਾ ਹੈ। ਜੇ ਮਿਆਰੀ ਸਾਹਿਤ ਪੜ੍ਹੇਗਾ ਨਹੀ ਤਾਂ ਬਿਹਤਰ ਲਿਖੇਗਾ ਕਿਵੇਂ? ਮਿਹਨ ਲਗਨ ਤੇ ਸਿਰੜ ਹੀ ਮੰਜ਼ਲ 'ਤੇ ਪਹੁੰਚਣ ਦੀ ਯਕੀਨਦਹਾਨੀ ਕਰਾਉਂਦਾ ਹੈ।

No comments:

Post a Comment