Saturday, October 31, 2015

ਦੋ ਗ਼ਜ਼ਲਾਂ: ਸੁਰਿੰਦਰਪ੍ਰੀਤ ਘਣੀਆ


ਗ਼ਜ਼ਲ
ਹਾਲ ਇਉਂ ਹੈ ਜ਼ਿੰਦਗੀ ਦੀ ਬਹਿਰ ਦਾ।

ਹੰਝੂ ਵੀ ਨਾ ਅੱਖੀਆਂ ਵਿਚ ਠਹਿਰ ਦਾ।

ਕਿਉਂ ਤੁਰਾਂ ਪਰਛਾਵਿਆਂ ਦੀ ਛਾਂ ਵਿੱਚ ਮੈਂ,

ਮੈਂ ਹਾਂ ਰਾਹੀ ਕੜਕਦੀ ਦੋਪਹਿਰ ਦਾ।

ਠਹਿਰਦਾ ਕਿੱਦਾਂ ਭਲਾ ਸਾਹਿਲ 'ਤੇ ਮੈਂ,

ਇਸ਼ਕ ਸੀ ਤੜਪਾ ਰਿਹਾ ਇਕ ਲਹਿਰ ਦਾ।

ਹੋਵੇ ਨਾ ਸੁਕਰਾਤ ਬਣਨਾ ਵੀ ਨਸੀਬ

ਭੋਰਾ ਵੀ ਨਈਂ ਅਸਰ ਹੁੰਦਾ ਜ਼ਹਿਰ ਦਾ।


ਮੈਂ ਜਗਾਉਂਦਾ ਹੀ ਰਹੂੰ ਦੀਵੇ ਸਦਾ,

ਨੇਰ੍ਹ ਹੋਵੇ, ਚਾਹੇ ਝੱਖੜ ਕਹਿਰ ਦਾ।

ਕੀਹਨੇ ਤੈਨੂੰ ਪਾਉਣੀਆਂ ਨੇ ਚਿੱਠੀਆਂ,

ਤੂੰ ਪਤਾ ਏਂ ਉੱਜੜੇ ਇਕ ਸ਼ਹਿਰ ਦਾ।

ਗ਼ਜ਼ਲਕਾਰਾ ਗ਼ਜ਼ਲ ਦੇ ਵਿਚ ਦਰਦ ਭਰ,

ਕੱਲਾਕੱਲਾ ਗਿਣ ਨਾ ਅੱਖ਼ਰ ਬਹਿਰ ਦਾ।

ਗ਼ਜ਼ਲ

ਜਿਸ ਵੀ ਖੂਹ ਵਿਚ ਡੋਲ ਵਗਾਵਾਂ ਉਹਦਾ ਹੀ ਪਾਣੀ ਖ਼ਾਰਾ ਨਿਕਲੇ,

ਹਾਏ ਰੱਬਾ! ਮੇਰੇ ਅੰਬਰੋਂ ਕਿਉਂ ਹਰ ਟੁੱਟਿਆ ਤਾਰਾ ਨਿਕਲੇ।

ਵੰਗਾਂ ਦੇ ਚਾਅ ਅਜੇ ਕੁਆਰੇ ਨਣਦਾਂ ਤੇ ਭਰਜਾਈਆਂ ਦੇ,

ਚੁੱਪਚਪੀਤਾ ਸਾਡੀ ਗਲੀ ਵਿੱਚੋਂ ਫਿਰ ਕਾਹਤੋਂ ਵਣਜਾਰਾ ਨਿਕਲੇ।

ਅੱਧਾ ਹਿਚਕੀ ਬਣਕੇ ਨਿਕਲੇ, ਅੱਧਾ ਨਿਕਲੇ ਹਾਉਕਾ ਬਣਕੇ,

ਕਦੇਕਦੇ ਹੀ ਮੇਰੇ ਅੰਦਰੋਂ, ਸਾਹ ਸਾਰੇ ਦਾ ਸਾਰਾ ਨਿਕਲੇ।

ਕਿਸੇ ਬੇਦੋਸ਼ੇ ਇਕ ਦਾ ਹੀ ਮੈਂ ਕਾਹਤੋਂ ਐਵੇਂ ਨਾਂ ਧਰ ਦੇਵਾਂ,

ਕਤਲ ਮੇਰੇ ਦੇ ਪਿੱਛੇ ਜਦ ਕਿ ਇਹ ਜਗ ਚੰਦਰਾ ਸਾਰਾ ਨਿਕਲੇ।

ਨੈਣਾਂ ਦੇ ਦਰਿਆਵਾਂ ਅੰਦਰ ਰੇਤ ਹੀ ਰੇਤ ਵਿਛੀ ਦਿਸਦੀ ਹੈ,

ਖੌਰੇ ਉੱਡ ਗਈ ਨਮੀ ਹੈ ਕਿੱਥੇ, ਇਕ ਨਾ ਹੰਝੂ ਖ਼ਾਰਾ ਨਿਕਲੇ।

ਮੈਂ ਤੇ ਪੰਛੀ ਰਲਕੇ ਜਦ ਵੀ ਵਾਕ ਲਈਏ ਪਹੁਫੁੱਟੇ ਤੋਂ,

ਰੱਬ ਦੇ ਨਾਂ ਤੋਂ ਪਹਿਲਾਂ ਮੂੰਹੋਂ ਤੇਰਾ ਨਾਮ ਪਿਆਰਾ ਨਿਕਲੇ

                                                     ਸੁਰਿੰਦਰਪ੍ਰੀਤ ਘਣੀਆ

No comments:

Post a Comment