Saturday, October 3, 2015

ਪ੍ਰਮਿੰਦਰਜੀਤ ਦੀ ਕਵਿਤਾ-ਇਕ ਗ਼ੈਰ-ਰਸਮੀ ਸੰਵਾਦ- ਹਰਵਿੰਦਰ ਭੰਡਾਲ

ਹਰਮੀਤ ਵਿਦਿਆਰਥੀ : ਦੋਸਤੋ ਅੱਜ ਅਸੀਂ ਤਰਨਤਾਰਨ ਆਪਣੇ ਦੋਸਤ ਤਰਲੋਚਨ ਦੀ ਕੰਮ ਦੀ ਜਗ੍ਹਾ ਉੱਤੇ ਬੈਠੇ ਹਾਂ । ਤਰਲੋਚਨ ਦੀ ਬਹੁਤ ਦੇਰ ਦੀ ਇੱਛਾ ਸੀ ਕਿ ਕਿਸੇ ਸਬੱਬ ਨਾਲ ਦੋਸਤ-ਮਿੱਤਰ ਏਥੇ ਆਉਣ । ਸਾਡੇ ਲਈ ਪ੍ਰਮਿੰਦਰਜੀਤ ਦੀ ਸ਼ਾਇਰੀ ਤੋਂ ਵਧੀਆ, ਏਥੇ ਆਉਣ ਦਾ ਹੋਰ ਕਿਹੜਾ ਸਬੱਬ ਹੋ ਸਕਦਾ ਸੀ ? ਅੱਜ ਦੀ ਇਸ ਗ਼ੈਰ-ਰਸਮੀ ਗੱਲਬਾਤ ਵਿਚ ਪਾਕਿਸਤਾਨ ਤੋਂ ਅਸ਼ਰਫ਼ ਗਿੱਲ ਸ਼ਾਮਲ ਹਨ; ਇੰਗਲੈਂਡ ਤੋਂ ਕਰਨੈਲ ਸ਼ੇਰਗਿੱਲ ਸ਼ਾਮਲ ਹਨ । ਅਸੀਂ ਕਵਿਤਾ ਬਾਰੇ ਜਾਨਣ ਲਈ ਏਥੇ ਇਕੱਤਰ ਹੋਏ ਆਂ । ਅਸੀਂ ਪ੍ਰਮਿੰਦਰਜੀਤ ਦੀ ਕਵਿਤਾ ਦੀਆਂ ਵਿਭਿੰਨ ਸ਼ੇਡਜ਼ ਨੂੰ ਮਾਨਣ ਲਈ ਏਥੇ ਇਕੱਤਰ ਹੋਏ ਆਂ । ਮੈਂ ਅੱਜ ਦੀ ਇਸ ਗੱਲਬਾਤ ਨੂੰ ਸ਼ੁਰੂ ਕਰਨ ਲਈ ਤਸਕੀਨ ਨੂੰ ਸੱਦਾ ਦਿੰਦਾ ਹਾਂ ।
ਤਸਕੀਨ : ਦੋਸਤੋ ! ਅਸੀਂ ਅੱਜ ਪ੍ਰਮਿੰਦਰਜੀਤ ਦੀ ਕਵਿਤਾ ਉੱਤੇ ਸੰਵਾਦ ਰਚਾਉਣ ਲਈ ਇਕੱਠੇ ਹਾਂ । ਆਮ ਰਸਮੀ ਗੋਸ਼ਟੀਆਂ ਵਿਚ ਹਰ ਕੋਈ ਸੰਕੋਚ ਨਾਲ ਬੋਲਦਾ ਹੈ; ਕਿ ਕਿਤੇ ਕੋਈ ਨਾਰਾਜ਼ ਨਾ ਹੋ ਜਾਵੇ । ਕਵਿਤਾ ਹੋਰਨਾਂ ਵਿਧਾਵਾਂ ਤੋਂ ਵੱਖਰੀ ਹੁੰਦੀ ਹੈ । ਇਸ ਵਿਚ ਚਿਹਨਾਂ ਦੀ ਭਾਸ਼ਾ ਰਾਹੀਂ ਗੱਲ ਹੁੰਦੀ ਹੈ; ਹਰੇਕ ਪਾਠਕ ਤੇ ਆਲੋਚਕ ਜੋ ਇਹਨਾਂ ਚਿਹਨਾਂ ਤੋਂ ਪ੍ਰਾਪਤ ਕਰਦਾ ਹੈ, ਉਹ ਉਸੇ ਤੋਂ ਹੀ ਗੱਲ ਕਰਦਾ ਹੈ । ਪ੍ਰਮਿੰਦਰਜੀਤ ਦੀ ਸ਼ਾਇਰੀ ਲਗਭਗ ਤਿੰਨ ਦਹਾਕਿਆਂ ਤੱਕ ਫੈਲੀ ਹੋਈ ਹੈ । ਇਸ ਸਮੇਂ ਪੰਜਾਬ ਦੀਆਂ ਪ੍ਰਸਥਿਤੀਆਂ ਬਦਲਦੀਆਂ ਰਹੀਆਂ ਹਨ । ਪ੍ਰਮਿੰਦਰਜੀਤ ਦੀ 'ਲਿਖਤੁਮ ਪ੍ਰਮਿੰਦਰਜੀਤ' ਤੋਂ ਲੈ ਕੇ ਹੁਣ ਤੱਕ 'ਬਚਪਨ ਘਰ ਤੇ ਮੈਂ' ਤੱਕ ਉਨ੍ਹਾਂ ਵਿਚ ਤਬਦੀਲੀ ਕੀ ਆਉਂਦੀ ਹੈ ? ਅਸੀਂ ਇਹੀ ਵੇਖਦੇ ਹਾਂ । ਉਹਨਾਂ ਦੀ ਪਹਿਲੀ ਕਵਿਤਾ ਸਮੇਂ ਪੰਜਾਬ ਵਿਚ ਇਕ ਖ਼ਾਸ ਤਰ੍ਹਾਂ ਦੇ ਸੰਘਰਸ਼ ਦੀ ਗੱਲ ਹੋ ਰਹੀ ਸੀ । ਪੰਜਾਬ ਵਿਚ ਕੁਝ ਖਾੜਕੂ ਧਿਰਾਂ ਸਨ; ਪਹਿਲਾਂ ਨਕਸਲਬਾੜੀ ਤੇ ਫਿਰ ਖ਼ਾਲਿਸਤਾਨੀ । ਮੈਂ ਗੱਲ ਨਕਸਲਬਾੜੀ ਦੀ ਕਰ ਰਿਹਾ ਹਾਂ ਕਿ ਉਸ ਵੇਲੇ ਸ਼ਹਿਰ ਤੇ ਪਿੰਡ ਦੇ ਟਕਰਾਅ ਵਿੱਚ ਜੋ ਉੱਭਰ ਰਿਹਾ ਸੀ, ਪ੍ਰਮਿੰਦਰਜੀਤ ਨੇ ਸ਼ਹਿਰ ਨੂੰ ਆਪਣਾ ਕੇਂਦਰ ਬਣਾਇਆ; ਸ਼ਹਿਰ ਦੇ ਘਰ ਵਿਚ ਬੇਗਾਨਗੀ ਹੋਣ ਦਾ ਜੋ ਇਕ ਸੰਕਲਪ
ਉੱਸਰ ਰਿਹਾ ਸੀ, ਪ੍ਰਮਿੰਦਰਜੀਤ ਉਹਦੇ ਬਾਰੇ ਸ਼ਾਇਰੀ ਰਚ ਰਹੇ ਸਨ । ਉਹ ਸਾਰੀ ਕਵਿਤਾ ਘਰ, ਦੋਸਤਾਂ ਤੇ ਮਾਂ ਨੂੰ ਮੁਖ਼ਾਤਬ ਸੀ । ਪ੍ਰਮਿੰਦਰਜੀਤ ਦੀ ਸਾਰੀ ਸ਼ਾਇਰੀ ਵਿਚ ਮਾਂ ਇਕ ਬੜਾ ਵੱਡਾ ਬਿੰਬ ਹੈ । ਜਿਹਦੇ ਦੁਆਲੇ ਉਹਨਾਂ ਦੀ ਸ਼ਾਇਰੀ ਘੁੰਮਦੀ ਹੈ । ਉਸ ਮਾਂ ਦੇ ਦੁਆਲੇ ਘੁੰਮਦਿਆਂ, ਘੁੰਮਦਿਆਂ ਉਹ ਇਸ ਗੱਲ ਬਾਰੇ ਲਿਖਦੇ ਨੇ ਕਿ ਬੰਦਾ ਘਰ ਵਿਚ ਜਾਂ ਰਿਸ਼ਤਿਆਂ ਵਿਚ ਕਿਵੇਂ ਬੇਗ਼ਾਨਗੀ ਤੇ ਦਮਨ ਹੰਢਾਉਂਦਾ ਹੈ। ਇਹ ਇਕ ਵੱਖਰੀ ਤਰ੍ਹਾਂ ਦੀ ਗੱਲ ਹੈ ਕਿ ਜਦੋਂ ਜੁਝਾਰ-ਵਿਦਰੋਹੀ ਕਵਿਤਾ ਬੜੇ ਤਲਖ਼ ਤੇ ਸੰਬੋਧਨੀ ਸੁਰ ਵਿਚ ਲਿਖੀ ਜਾ ਰਹੀ ਸੀ, ਉਦੋਂ ਪ੍ਰਮਿੰਦਰਜੀਤ ਹੋਰੀਂ ਮੈਂ ਦਾ ਵਿਸਥਾਰ ਕਰਦੇ ਨੇ, ਕਿ ਮੈਂ ਕਿਵੇਂ ਪੀੜਤ ਹੈ । ਪਰ ਉਹਨਾਂ ਦੀ ਕਵਿਤਾ ਵਿਚਲੀ ਖਿੱਝ ਵਿਦਰੋਹ ਨਹੀਂ ਬਣਦੀ; ਵਿਦਰੋਹ ਦੀ ਬਜਾਏ ਉਹ ਕੁੰਠਾ ਦਾ ਰੂਪ ਧਾਰ ਲੈਂਦੀ ਹੈ । ਪਰ ਉਹ ਆਧੁਨਿਕਤਾਵਾਦੀਆਂ ਵਾਂਗ ਹੀ ਘਰ ਨੂੰ ਨਕਾਰਦੇ ਹਨ ਤੇ ਖ਼ਾਸ ਕਰਕੇ ਮਾਂ ਦੀ ਗੱਲ ਕਰਦਿਆਂ ਦਿਖਾਉਂਦੇ ਨੇ ਕਿ ਕਿਵੇਂ ਪਿਤਾ ਜਾਂ ਪਿਤਰਕੀ ਮਾਂ ਦਾ ਦਮਨ ਤੇ ਸ਼ੋਸ਼ਣ ਕਰਦੇ ਨੇ । 'ਮੇਰੀ ਮਾਰਫ਼ਤ' ਵਿਚ ਆ ਕੇ ਉਹਨਾਂ ਦੀ ਕਵਿਤਾ ਬਦਲ ਜਾਂਦੀ ਹੈ । ਹੁਣ ਉਹ ਤੂੰ ਤੋਂ ਮੈਂ ਵੱਲ ਆ ਜਾਂਦੇ ਹਨ । ਹੁਣ ਉਹ ਖ਼ਤ ਲਿਖਣ ਦੀ ਬਜਾਏ ਆਪਣੇ ਆਪ ਨਾਲ ਸੰਵਾਦ ਰਚਾਉਂਦੇ ਨੇ । ਇਥੋਂ ਤੱਕ ਕਿ ਪੰਜਾਬ ਸੰਕਟ ਬਾਰੇ ਕਵਿਤਾਵਾਂ ਵਿਚੋਂ ਵੀ ਇਹ ਜਾਪਣ ਲੱਗਦਾ ਹੈ ਕਿ ਹੁਣ ਕੋਈ ਰਾਹ ਨਹੀਂ ਬਚਿਆ; ਅਸੀਂ ਘਿਰ ਗਏ ਆਂ । ਉਹ ਖਿੜਕੀ ਦੇ ਚਿਹਨ ਨੂੰ ਖੋਹਲਦੇ ਹਨ । ਪਰ ਖਿੜਕੀ ਤੇ ਬਹੁਤ ਸਾਰੀਆਂ ਕਵਿਤਾਵਾਂ ਵਿਚ ਜੋ ਔਰਤ ਹੈ, ਉਹ ਹੋਰ ਤਰ੍ਹਾਂ ਪੇਸ਼ ਹੋਣੀ ਸ਼ੁਰੂ ਹੋ ਜਾਂਦੀ ਹੈ । ਪਹਿਲਾਂ ਮਾਂ ਦਾ ਦਰਦ ਪਿਓ ਦੇ ਦਮਨ ਨਾਲ ਜੁੜਿਆ ਸੀ ਪਰ ਹੁਣ ਪਿਓ ਗਾਇਬ ਹੋਣਾ ਸ਼ੁਰੂ ਹੋ ਜਾਂਦਾ ਹੈ । ਏਦਾਂ ਲੱਗਣ ਲਗਦਾ ਹੈ ਕਿ ਹੁਣ ਉਹ ਆਪ ਪਿਓ ਹੋ ਗਏ ਨੇ । ਹੁਣ ਉਹ ਉਸ ਔਰਤ ਦੀ ਤਲਾਸ਼ ਸ਼ੁਰੂ ਕਰਦੇ ਨੇ ਜੋ ਵਿਵਸਥਾ ਦੇ ਅਨੁਸਾਰੀ ਢਲ ਜਾਵੇ । ਉਸ ਕਵਿਤਾ ਵਿੱਚ ਏਦਾਂ ਲਗਦਾ ਹੈ ਕਿ ਬੰਦੇ ਦਾ ਦਮਨ ਹੋ ਰਿਹਾ, ਔਰਤ ਦਾ ਦਮਨ ਨਹੀਂ ਹੋ ਰਿਹਾ । ਔਰਤ ਸਗੋਂ ਦਮਨ ਕਰਨ ਲਗਦੀ ਹੈ । ਇਸ ਕਵਿਤਾ ਵਿਚ ਸਾਮੰਤੀ ਵਿਵਸਥਾ ਦੀ ਕੰਕਰੀਟਾਈਜੇਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ । ਹੁਣ ਉਹ ਕਹਿੰਦੇ ਨੇ ਕਿ ਤੁਸੀਂ ਲਿਬਾਸ ਬਦਲ ਲਉ ਪਰ ਮਨ ਦੀ ਸ਼ਰਮ ਚਾਹੀਦੀ ਆ । ਮਤਲਬ ਤੁਸੀਂ ਜੀਨਜ਼ ਜਾਂ ਮਿੰਨੀ ਸਕਰਟ ਪਾ ਕੇ ਵੀ ਉੱਥੇ ਹੀ ਰਹਿਣਾ ਹੈ । ਏਥੇ ਮਨ ਦੇ ਕੰਟਰੋਲ ਦੀ ਗੱਲ ਹੋ ਰਹੀ ਹੈ; ਕਿ ਮਨ ਵਿਚ ਮੰਗਲ-ਸੂਤਰ ਤੇ ਸਿੰਧੂਰ ਹੀ ਪਏ ਰਹਿਣ । ਹੁਣ ਮੰਡੀ ਵੀ ਸਾਡੇ ਲਿਬਾਸ ਨੂੰ ਬਦਲਦੀ ਹੈ, ਸਾਡੇ ਵਿਚਾਰਾਂ ਨੂੰ ਨਹੀਂ ਬਦਲਦੀ । ਇਹ ਗੱਲ ਕੰਕਰੀਟ ਰੂਪ ਵਿਚ 'ਬਚਪਨ ਘਰ ਤੇ ਮੈਂ' ਵਿਚ ਦਿੱਸਦੀ ਹੈ । ਉੱਥੇ ਮਾਂ ਤੋਂ ਬਿਨਾ ਬਚਪਨ ਰੁਲ ਰਿਹਾ ਹੈ । ਯੂਰਪ ਵਿਚ ਆਧੁਨਿਕਤਾ ਨਾਲ ਕਈ ਚੀਜ਼ਾਂ ਡਵੈਲਪ ਹੋਈਆਂ; ਭਾਰਤ ਵਿਚ ਆਧੁਨਿਕਤਾ ਆਈ ਹੀ ਨਹੀਂ । ਇਸ ਨਵੇਂ ਉਤਰ-ਆਧੁਨਿਕਤਾਵਾਦੀ ਜਾਂ ਨਵਸਾਮਰਾਜੀ ਸਮੇਂ ਵਿੱਚ ਜੇ ਅਸੀਂ ਔਰਤ ਤੋਂ ਇਹ ਮੰਗ ਕਰੀਏ ਕਿ ਉਹ ਬੱਚਿਆਂ ਨੂੰ ਵੀ ਸਾਂਭੇ ਤੇ ਪਤੀ ਨੂੰ ਵੀ ਸਾਂਭੇ; ਤਾਂ ਅਸੀਂ ਉਸ ਤੋਂ ਆਪਣੇ ਪੁਰਖਿਆਂ ਵਾਲੀ ਮੰਗ ਹੀ ਕਰਦੇ ਹਾਂ । ਬਚਪਨ ਨੂੰ ਸਾਂਭਿਆ ਜਾਣਾ ਚਾਹੀਦਾ ਪਰ ਔਰਤ ਦੀ ਆਜ਼ਾਦੀ ਦੀ ਗੱਲ ਵੀ ਹੋਣੀ ਚਾਹੀਦੀ ਹੈ । ਔਰਤ ਦੀ ਆਜ਼ਾਦੀ ਦੀ ਗੱਲ ਇਸ ਕਵਿਤਾ ਵਿਚੋਂ ਮਨਫ਼ੀ ਹੋ ਜਾਂਦੀ ਹੈ । 'ਲਿਖਤੁਮ ਪ੍ਰਮਿੰਦਰਜੀਤ' ਘਰ ਦਾ ਨਕਾਰ ਹੈ ਪਰ 'ਬਚਪਨ ਘਰ ਤੇ ਮੈਂ' ਤੱਕ ਪਹੁੰਚਦਿਆਂ ਉਹ ਸਿਸਟਮੀ ਘਰ ਨੂੰ ਤਲਾਸ਼ਣ ਲਗਦੇ ਨੇ । ਇਹ ਦਵੰਦ ਕਿਉਂ ਪੈਦਾ ਹੁੰਦਾ ਹੈ ? ਅਸੀਂ ਸੱਤਾ ਨੂੰ ਨਕਾਰਦੇ ਵੀ ਆਂ ਤੇ ਸੱਤਾ ਬਣਨਾ ਵੀ ਚਾਹੁੰਦੇ ਆਂ । ਪੁੱਤਰ ਹੁੰਦਿਆਂ ਅਸੀਂ ਪਿਓ ਦੀ ਸੱਤਾ ਨੂੰ ਨਕਾਰਦੇ ਆਂ ਪਰ ਜਦੋਂ ਅਸੀਂ ਪਿਓ ਬਣਦੇ ਆਂ ਤਾਂ ਅਸੀਂ ਫ਼ਰਜਾਂ ਬਾਰੇ ਨਹੀਂ ਸੋਚਦੇ । ਜਿੱਥੇ ਬਹੁਤ ਸਾਰੀ ਨਵੀਂ ਕਵਿਤਾ ਘਰ ਨੂੰ ਨਕਾਰ ਰਹੀ ਹੈ, ਉਥੇ ਪ੍ਰਮਿੰਦਰਜੀਤ ਦੀ ਕਵਿਤਾ ਉਸ ਘਰ ਨੂੰ ਤਲਾਸ਼ਦੀ ਹੈ ਜੋ ਪਿਤਰਕੀ ਤੇ ਸਾਮੰਤੀ ਵਿਵਸਥਾ ਉੱਤੇ ਉਸਰਦਾ ਹੈ । ਇਹ ਕਵਿਤਾ ਅਨੁਭਵ ਦੀ ਕਵਿਤਾ ਹੈ ਜੋ ਸਿਰਫ਼ ਵਿਅਕਤੀ ਦੀ ਇੱਛਾ ਅਨੁਸਾਰ ਲਿਖੀ ਜਾਂਦੀ ਹੈ ।
ਹਰਵਿੰਦਰ ਭੰਡਾਲ : ਤਸਕੀਨ ਨੇ ਬਹੁਤ ਵਿਚਾਰ ਉਤੇਜਕ ਗੱਲਾਂ ਕੀਤੀਆਂ ਹਨ । ਸਾਨੂੰ ਇਸੇ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਚਾਹੀਦੀਆਂ ਹਨ । ਪ੍ਰਸ਼ੰਸਾ ਤੇ ਨਿੰਦਾ ਤੋਂ ਉੱਪਰ ਉੱਠ ਕੇ ਸਾਨੂੰ ਵੱਡੇ ਸਰੋਕਾਰਾਂ ਨੂੰ ਸਮਝਣ ਦੀ ਲੋੜ ਹੁੰਦੀ ਹੈ । ਇਨ੍ਹਾਂ ਵੱਡੇ ਸਰੋਕਾਰਾਂ ਵਿਚੋਂ ਹੀ ਕੋਈ ਕਵੀ ਜਾਂ ਕਵਿਤਾ ਬਣਦੀ ਹੈ ਤੇ ਅੱਗੋਂ ਸਾਡਾ ਸਮਾਜ ਬਣਦਾ ਹੈ । ਇਸ ਲਈ ਇਹਨਾਂ ਸਰੋਕਾਰਾਂ ਨੂੰ ਸਮਝਣਾ ਪ੍ਰਸ਼ੰਸਾ ਜਾਂ ਨਿੰਦਾ ਤੋਂ ਪਾਰ ਦੀ ਚੀਜ਼ ਹੈ । ਪ੍ਰਮਿੰਦਰਜੀਤ ਦੀ ਕਵਿਤਾ ਬਾਰੇ ਗੱਲ ਕਰਦਿਆਂ ਅਸੀਂ ਸਮਝ ਸਕਦੇ ਆਂ ਕਿ ਇਹਨਾ ਤਿੰਨ ਦਹਾਕਿਆਂ ਵਿਚ ਪੰਜਾਬ ਵਿਚ ਬੰਦਾ ਤੇ ਸ਼ਾਇਰ ਕਿਵੇਂ ਬਣ ਰਹੇ ਸਨ । ਪ੍ਰਮਿੰਦਰਜੀਤ ਅੱਜ ਦੇ ਵੱਡੇ ਕਵੀਆਂ ਵਿਚੋਂ ਹਨ ਤੇ ਇਕ ਕਵੀ ਵਜੋਂ ਮੈਂ ਕਹਿ ਸਕਦਾਂ ਕਿ ਜਿਹਨਾਂ ਕਵੀਆਂ ਤੋਂ ਅਸੀਂ ਪ੍ਰੇਰਨਾ ਲੈ ਕੇ ਕਵਿਤਾ ਲਿਖੀ ਹੈ, ਪ੍ਰਮਿੰਦਰਜੀਤ ਉਹਨਾਂ ਵਿਚੋਂ ਇਕ ਨੇ । ਜਦੋਂ ਮੈਂ ਸੁਚੇਤ ਹੋ ਕੇ ਕਵਿਤਾ ਪੜ੍ਹਨੀ ਸ਼ੁਰੂ ਕੀਤੀ ਤਾਂ ਮੈਂ ਵੇਖਿਆ ਕਿ ਪੰਜਾਬੀ ਵਿਚ ਵੱਡੀ ਗਿਣਤੀ ਵਿਚ ਸ਼ਾਇਰ ਪ੍ਰਮਿੰਦਰਜੀਤ ਵਰਗੀ ਸ਼ਾਇਰੀ ਕਰ ਰਹੇ ਸਨ । ਪਰ ਉਹਨਾਂ ਕੋਲ ਪ੍ਰਮਿੰਦਰਜੀਤ ਵਾਲੀ ਕਾਵਿ-ਪ੍ਰਤਿਭਾ ਨਹੀਂ ਸੀ । ਇਸ ਲਈ ਉਹ ਕਵਿਤਾ ਬਿੰਬ-ਜਾਲ ਤੋਂ ਵੱਧ ਕੁਝ ਨਹੀਂ ਸੀ । ਸੋ ਇਕ ਪ੍ਰਭਾਵ ਵਜੋਂ ਪ੍ਰਮਿੰਦਰਜੀਤ ਹੋਰਾਂ ਨੇ ਪੰਜਾਬੀ ਸ਼ਾਇਰੀ ਉੱਤੇ ਅਸਰ ਪਾਇਆ। ਉਹਨਾਂ ਦੀਆਂ ਤਿੰਨੋਂ ਕਿਤਾਬਾਂ ਤਿੰਨ ਵੱਖੋ-ਵੱਖਰੇ ਦੌਰ ਦੀਆਂ ਕਵਿਤਾਵਾਂ ਹਨ । ਇਹ ਉਹਨਾਂ ਦੀ ਸ਼ਾਇਰੀ ਦੇ ਤਿੰਨ ਵੱਖੋ-ਵੱਖਰੇ ਪੜਾਅ ਹਨ । ਇਹਨਾਂ ਪੜ੍ਹਾਵਾਂ ਵਿਚ ਉਹਨਾਂ ਦੀਆਂ ਸਮਰੱਥਾਵਾਂ ਨੂੰ ਸਮਝਣ ਦੀ ਲੋੜ ਹੈ ਤੇ ਨਾਲ ਹੀ ਉਹਨਾਂ ਦੀਆਂ ਸੀਮਾਵਾਂ ਨੂੰ ਵੀ, ਜੋ ਨਾਲੋ-ਨਾਲ ਹੀ ਉੱਸਰਦੀਆਂ ਹਨ । 'ਲਿਖਤੁਮ ਪ੍ਰਮਿੰਦਰਜੀਤ' ਦਾ ਦੌਰ ਸੱਚਮੁੱਚ ਸੁਭਾਵਕ ਸੰਘਰਸ਼ ਦਾ ਦੌਰ ਸੀ । ਇਸ ਤੋਂ ਪਹਿਲਾਂ ਸਾਡੇ ਕੋਲ ਐਸੀ ਕਵਿਤਾ ਸੀ ਜਿਸਨੇ ਜ਼ਿੰਦਗੀ ਨੂੰ ਵੱਖ-ਵੱਖ ਖਾਨਿਆਂ ਵਿਚ ਵੰਡਿਆ ਹੋਇਆ ਸੀ । ਬੰਦੇ ਦੀ ਹੋਂਦ ਨੂੰ ਕੋਈ ਸਵਾਲ ਨਹੀਂ ਸੀ ਮੰਨਿਆ ਜਾਂਦਾ; ਸਿਰਫ਼ ਇਹੀ ਮੰਨਿਆ ਜਾਂਦਾ ਸੀ ਕਿ ਦੋ ਟੋਟਿਆਂ ਵਿਚ ਟੁੱਟੀ ਹੈ, ਇਕ ਲੋਕਾਂ ਦਾ ਹੈ ਤੇ ਇਕ ਜੋਕਾਂ ਦਾ । ਇਹਦੇ ਵਿਚ- ਵਿਚਾਲੇ ਜੋ ਬੰਦੇ ਦੀ ਹੋਂਦ ਦੇ ਮਸਲੇ ਹਨ, ਉਹਦੀ ਗੱਲ ਨਹੀਂ ਸੀ ਹੁੰਦੀ । ਜਦੋਂ ਪ੍ਰਮਿੰਦਰਜੀਤ ਦੀ 'ਲਿਖਤੁਮ ਪ੍ਰਮਿੰਦਰਜੀਤ' ਆਉਂਦੀ ਹੈ ਜਾਂ 'ਸਾਡੇ ਸਮਿਆਂ ਵਿਚ' ਪਾਸ਼ ਦੀ ਆਉਂਦੀ ਹੈ ਤਾਂ ਪਹਿਲੀ ਵਾਰ ਪੰਜਾਬੀ ਵਿਚ ਬੰਦੇ ਦੀ ਹੋਂਦ ਤੇ ਵਡੇਰੇ ਸਰੋਕਾਰਾਂ ਵਿਚ ਸਮਤੋਲ ਬਣਦਾ ਹੈ । ਬੰਦਾ ਵੱਡੇ ਸਮਾਜਕ ਮਸਲਿਆਂ ਨਾਲ ਜੂਝਦਾ ਪਰ ਜੂਝਦਿਆਂ ਆਪਣੀ ਹੋਂਦ ਦੇ ਸਵਾਲਾਂ ਨੂੰ ਨਹੀਂ ਛੱਡਦਾ । ਇਸ ਲਈ ਇਹ ਕਵਿਤਾ ਮਹੱਤਵਪੂਰਨ ਬਣਦੀ ਹੈ । ਤਸਕੀਨ ਨੇ 'ਮਾਂ' ਬਾਰੇ ਕਵਿਤਾਵਾਂ ਦਾ ਜ਼ਿਕਰ ਕੀਤਾ ਹੈ । ਇੱਥੇ ਜਦੋਂ ਅਸੀਂ ਮਾਂ ਕਵਿਤਾ ਪੜ੍ਹਦੇ ਹਾਂ ਤਾਂ ਸਾਫ਼ ਸੁਣਦਾ ਹੈ ਕਿ ਤੇਰੇ ਨਾਲੋਂ ਟੁੱਟ ਕੇ ਮੈਂ ਕਈ ਅਜਿਹੀਆਂ ਥਾਵਾਂ ਤੇ ਜੁੜ ਗਿਆ ਹਾਂ, ਤੇਰੀ ਗਲਵਕੜੀ ਵਿੱਚ ਜਿਹੜੀਆਂ ਦਿਸਹੱਦੇ ਸਨ । ਸੋ ਏਥੇ ਇਕ ਸੁਚੇਤਨਾ ਹੈ ਕਿ ਮਾਂ ਨਾਲ ਜੁੜਿਆ ਸਾਰਾ ਅਨੁਭਵ ਬਹੁਤ ਸੀਮਤ ਕਿਸਮ ਦਾ ਹੁੰਦਾ ਹੈ । ਸਾਡੀ ਪੰਜਾਬੀ ਕਵਿਤਾ ਵਿਚ ਮਾਂ ਨੂੰ ਭਾਵੁਕ ਸ਼ਰਨਗਾਹ ਸਮਝਣ ਦਾ ਰਿਵਾਜ ਹੈ । ਦੀਦ ਵਰਗਾ ਸ਼ਾਇਰ ਵੀ ਜਦੋਂ ਬੇਬਸ ਮਹਿਸੂਸ ਕਰਦਾ ਹੈ ਤਾਂ ਮਾਂ ਨਾਲ ਗੱਲਾਂ ਕਰਨਾ ਸ਼ੁਰੂ ਕਰ ਦਿੰਦਾ ਹੈ । ਪ੍ਰਮਿੰਦਰਜੀਤ ਏਥੇ ਮਾਂ ਨਾਲ ਜੁੜਨ ਦੀ ਨਹੀਂ, ਟੁੱਟਣ ਦੀ ਗੱਲ ਕਰ ਰਹੇ ਹਨ । ਇਥੋਂ ਸ਼ੁਰੂ ਹੋ ਕੇ ਉਹ 'ਅਨਾਇਕ' ਵਰਗੀ ਸ਼ਾਹਕਾਰ ਕਵਿਤਾ ਤਕ ਪਹੁੰਚਦੇ ਹਨ । ਇਸ ਕਵਿਤਾ ਵਿਚ ਪੂਰੇ ਦੇਸ਼ ਨਾਲ ਸੰਵਾਦ ਹੈ । ਆਪਣੇ ਪਹਿਲੇ ਪੜਾਅ ਦੀ ਸ਼ਾਇਰੀ ਵਿਚ ਉਹ ਆਪਣੀ ਮੈਂ ਤੋਂ ਲੈ ਕੇ ਪੂਰੇ ਦੇਸ਼ ਤੱਕ ਸੰਵਾਦ ਨੂੰ ਫੈਲਾਉਂਦੇ ਨੇ ਤੇ 'ਅਨਾਇਕ' ਜਿਹਾ ਸੰਕਲਪ ਦਿੰਦੇ ਨੇ । ਇਸ ਸੰਕਲਪ ਅਨੁਸਾਰ ਬੰਦੇ ਦੇ ਸਾਹਮਣੇ ਬਹੁਤ ਵੱਡੀ ਵਿਵਸਥਾ ਹੈ । ਬੰਦਾ ਜਿੱਤ ਨਹੀਂ ਸਕਦਾ ਪਰ ਉਹ ਲੜ ਸਕਦਾ ਹੈ । ਦੂਸਰੀ ਕਿਤਾਬ 'ਮੇਰੀ ਮਾਰਫ਼ਤ' ਸਮੇਂ ਪੂਰੇ ਪੰਜਾਬ ਦਾ ਦ੍ਰਿਸ਼ ਹੀ ਬਦਲ ਜਾਂਦਾ ਹੈ । ਹੁਣ ਖਾਲਿਸਤਾਨੀ ਦਹਿਸ਼ਤਗਰਦੀ ਦਾ ਐਸਾ ਸਮਾਂ ਆ ਜਾਂਦਾ ਹੈ ਜਿਸ ਵਿਚ ਸੁਹਣੀ ਜ਼ਿੰਦਗੀ ਦਾ ਸੁਪਨਾ ਦੇਖਣ ਵਾਲਿਆਂ ਦੇ ਸਭ ਆਦਰਸ਼ ਖ਼ਤਮ ਹੋ ਜਾਂਦੇ ਹਨ । ਅਚਾਨਕ ਜ਼ਿੰਦਗੀ ਇਕ ਨਵੀਂ ਸਤ੍ਹਾ ਉੱਤੇ ਵਿਚਰਨੀ ਸ਼ੁਰੂ ਕਰ ਦਿੰਦੀ ਹੈ । ਏਥੇ ਪ੍ਰਮਿੰਦਰਜੀਤ ਦੀ ਕਵਿਤਾ ਨਵੇਂ ਸਮੇਂ ਨੂੰ ਨਵੇਂ ਤਰੀਕੇ ਨਾਲ ਸੰਬੋਧਿਤ ਹੁੰਦੀ ਹੈ । ਉਹ 'ਜ਼ਿੰਦਗੀ' ਤੇ 'ਨਜ਼ਮ' ਬਾਰੇ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੰਦੇ ਨੇ । ਅਜਿਹੇ ਸਮੇਂ ਜਦੋਂ ਜ਼ਿੰਦਗੀ ਵਿਚ ਸਭ ਕੁਝ ਉਲਟ-ਪੁਲਟ ਹੋ ਗਿਆ, ਉਸ ਸਮੇਂ ਇਹ ਕਵਿਤਾ ਜ਼ਿੰਦਗੀ ਨਾਲ ਜੁੜਨਾ ਚਾਹੁੰਦੀ ਹੈ । ਪ੍ਰੰਤੂ ਪ੍ਰਮਿੰਦਰਜੀਤ ਦੀ ਦ੍ਰਿਸ਼ਟੀ ਦੀ ਸੀਮਾ ਨਾਲ-ਨਾਲ ਚਲਦੀ ਹੈ । ਇਹਦੇ ਬਾਰੇ ਤਸਕੀਨ ਨੇ ਵੀ ਗੱਲ ਕੀਤੀ ਹੈ । ਮੈਂ ਕੁਝ ਹੋਰ ਕਰਨੀ ਚਾਹੁੰਦਾ । ਉਹ ਸਾਰੀਆਂ ਚੀਜ਼ਾਂ ਨੂੰ ਪਰੰਪਰਕ ਦ੍ਰਿਸ਼ਟੀ ਤੋਂ ਦੇਖਣਾ ਚਾਹੁੰਦੇ ਨੇ ਤੇ ਪਰੰਪਰਾ ਦਾ ਆਦਰਸ਼ੀਕਰਨ ਕਰਦੇ ਨੇ । ਉਹਨਾਂ ਨੂੰ ਲਗਦਾ ਹੈ ਕਿ ਭੀੜ ਵਿਚ ਰਲਿਆ ਹਰ ਚਿਹਰਾ ਮਾਂ, ਧੀ, ਭੈਣ ਆਦਿ ਦਾ ਹੈ। ਮਤਲਬ ਉਹ ਨਵੇਂ ਰਿਸ਼ਤਿਆਂ ਤੇ ਨਵੀਆਂ ਚੀਜ਼ਾਂ ਨੂੰ ਨਹੀਂ ਦੇਖਣਾ ਚਾਹੁੰਦੇ । ਪਰੰਪਰਕ ਰਿਸ਼ਤਿਆਂ ਰਾਹੀਂ ਹੀ ਸਭ ਕੁਝ ਦੇਖਣਾ ਚਾਹੁੰਦੇ ਨੇ । ਤੀਸਰੇ ਪੜਾਅ ਵਿਚ ਆ ਕੇ ਉਹ ਘਰ ਦੇ ਸਰੋਕਾਰਾਂ ਨਾਲ ਜੁੜਦੇ ਨੇ । ਘਰਾਂ ਦੇ ਟੁੱਟਣ ਦਾ ਅਹਿਸਾਸ ਸਾਰੀ ਕਵਿਤਾ ਦੇ ਕੇਂਦਰ ਵਿਚ ਆ ਜਾਂਦਾ ਹੈ । ਜਿਸ ਤਰ੍ਹਾਂ ਦਾ ਘਰ ਹਰੀ ਕ੍ਰਾਂਤੀ ਤੋਂ ਬਾਦ ਪੰਜਾਬ ਵਿਚ ਉੱਸਰਿਆ, ਉਹ ਉਸ ਘਰ ਨੂੰ ਸਵੀਕਾਰ ਨਹੀਂ ਕਰ ਰਹੇ । ਉਹ ਆਖ ਰਹੇ ਨੇ ਕਿ ਘਰ ਦਾ ਸੁਹਜ-ਸ਼ਾਸਤਰ ਸਾਨੂੰ ਸਮਝ ਨਹੀਂ ਆਇਆ । ਇਹ ਠੀਕ ਗੱਲ ਹੈ ਕਿਉਂਕਿ ਹੁਣ ਹਰ ਬੰਦਾ ਬੇਗ਼ਾਨਗੀ ਤੇ ਇਕੱਲਤਾ ਦਾ ਸ਼ਿਕਾਰ ਹੈ, ਤੇ ਮਾਨਵੀ ਸੰਵੇਦਨਾ ਅਧਾਰਤ ਰਿਸ਼ਤੇ ਸੰਭਵ ਹੀ ਨਹੀਂ ਰਹੇ । ਹੁਣ ਘਰ ਸ਼ੁੱਧ-ਆਰਥਿਕ ਇਕਾਈ ਬਣ ਗਈ ਹੈ । ਘਰ ਛੋਟੀ ਜਿਹੀ ਸਟੇਟ ਹੈ, ਜਿਥੇ ਪਿਉ ਰਾਜਾ ਹੈ, ਪਤਨੀ ਮੰਤਰੀ ਹੈ ਤੇ ਬੱਚੇ ਪਰਜਾ ਹਨ । ਪਤਨੀ ਆਪਣਾ ਸ਼ੋਸ਼ਣ ਕਰਵਾਉਂਦਿਆਂ ਵੀ ਪਿਉ ਦੇ ਰਾਜ ਨੂੰ ਬੱਚਿਆਂ ਉੱਤੇ ਲਾਗੂ ਕਰਦੀ ਹੈ । ਇਸ ਕਵਿਤਾ ਵਿਚ ਬੱਚਿਆਂ ਦਾ ਸ਼ੋਸ਼ਣ ਤੀਖਣ ਰੂਪ ਵਿਚ ਸਾਹਮਣੇ ਆਉਂਦਾ ਹੈ ਤੇ ਸ਼ਾਇਦ ਪਹਿਲੀ ਵਾਰ ਸਾਹਮਣੇ ਆਉਂਦਾ ਹੈ । ਪਰ ਸੀਮਾ ਕਿੱਥੇ ਹੈ ? ਅੱਜ ਪੂੰਜੀ ਦੇ ਸਰਵ ਵਿਆਪੀਕਰਨ ਦੇ ਦੌਰ ਵਿਚ ਕਵੀ ਨੂੰ ਵਧੇਰੇ ਸੁਚੇਤ ਹੋ ਕੇ ਲਿਖਣਾ ਪਵੇਗਾ । ਇਸੇ ਸੁਚੇਤਨਾ ਦੀ ਸੀਮਾ ਇਸ ਕਵਿਤਾ ਵਿਚ ਦਿੱਸਦੀ ਹੈ । ਇਸ ਕਵਿਤਾ ਵਿਚ ਪਿਤਾ ਦੀ ਦ੍ਰਿਸ਼ਟੀ ਭਾਰੂ ਹੋ ਜਾਂਦੀ ਹੈ । ਉਹ ਪਿਤਾ ਦੀ ਦ੍ਰਿਸ਼ਟੀ ਤੋਂ ਘਰ ਨੂੰ ਤੇ ਰਿਸ਼ਤਿਆਂ ਨੂੰ ਦੇਖਣਾ ਸ਼ੁਰੂ ਕਰ ਦਿੰਦੇ ਹਨ । ਸੋ ਇਸ ਪੜਾਅ ਉੱਤੇ ਆ ਕੇ ਪੈਦਾ ਹੋਏ ਸੁਚੇਤਨਾ ਦੇ ਸੰਕਟ ਨਾਲ ਕਵੀ ਨੂੰ ਨਜਿੱਠਣਾ ਪਏਗਾ ।
ਜਗਵਿੰਦਰ ਜੋਧਾ : ਮੈਂ ਇਕ ਵੱਖਰੇ ਨਜ਼ਰੀਏ ਤੋਂ ਗੱਲ ਕਰਨਾ ਚਾਹਾਂਗਾ । ਸਮਕਾਲੀ ਕਵਿਤਾ ਵਿਚ ਕਵਿਤਾ ਲਿਖ ਰਹੇ ਪਹਿਲੇ ਕੁਝ ਕਵੀਆਂ ਬਾਰੇ ਮੈਂ ਗੱਲ ਕਰਨੀ ਹੋਵੇ ਤਾਂ ਨਿਸ਼ਚਿਤ ਰੂਪ ਵਿਚ ਮੈਂ ਭਾਅ ਪ੍ਰਮਿੰਦਰਜੀਤ ਉੱਤੇ ਵੀ ਨਿਸ਼ਾਨ ਲਾਵਾਂਗਾ । ਜਿਹੜੇ ਲੋਕ ਭਾਅ ਪ੍ਰਮਿੰਦਰਜੀਤ ਨੂੰ ਉਹਨਾਂ ਦੀ ਕਵਿਤਾ ਨੂੰ ਨੇੜਿਉਂ ਜਾਣਦੇ ਹਨ, ਉਨ੍ਹਾਂ ਨੂੰ ਪਤਾ ਹੈ ਕਿ ਉਨ੍ਹਾਂ ਦੀ ਕਵਿਤਾ ਉਹਨਾਂ ਦੇ ਸਹਿਜ ਆਪੇ ਦਾ ਪਰਤੌ ਹੈ । ਨਕਸਲੀ ਤੇ ਉਤਰ ਨਕਸਲੀ ਦੌਰ ਵਿਚ ਜੋ ਮੱਧ-ਸ਼੍ਰੇਣਿਕ ਚੇਤਨਾ ਪੈਦਾ ਹੁੰਦੀ ਹੈ, ਉਸ ਦੀਆਂ ਆਪਣੀਆਂ ਸੀਮਾਵਾਂ ਨੇ; ਉਨ੍ਹਾਂ ਸੀਮਾਵਾਂ ਦਾ ਅਸੀਂ ਸਾਰੇ ਸ਼ਿਕਾਰ ਆਂ; ਇਹ ਸੀਮਾ ਉਨ੍ਹਾਂ ਦੀ ਕਵਿਤਾ ਵਿਚ ਵੀ ਉੱਭਰ ਕੇ ਸਾਹਮਣੇ ਆਉਂਦੀ ਹੈ । ਪਰ ਇਹ ਸੀਮਾ ਉਹਨਾਂ ਦੀ ਪ੍ਰਾਪਤੀ ਨੂੰ ਘੱਟ ਨਹੀਂ ਕਰਦੀ । ਨਕਸਲੀ ਕਵਿਤਾ ਚੀਜ਼ਾਂ ਦਾ ਮੋਟਾ-ਠੁੱਲਾ ਸਰੂਪ ਲੈ ਕੇ ਸਾਡੇ ਸਾਹਮਣੇ ਆਈ । ਜਦੋਂ ਨਕਸਲੀ ਲਹਿਰ ਦਾ ਸੁਪਨਾ ਤਿੜਕਿਆ ਤਾਂ ਉਸ ਦੀ ਵਿਚਾਰਧਾਰਕ ਪਹੁੰਚ ਬਾਰੇ ਵੀ ਕਈ ਸ਼ੰਕੇ ਪੈਦਾ ਹੋਏ । ਭਾਅ ਪ੍ਰਮਿੰਦਰਜੀਤ ਦੀ ਕੋਲਾਜ ਕਿਤਾਬ ਤੋਂ ਹੀ 'ਬਚਪਨ ਘਰ ਤੇ ਮੈਂ' ਤੱਕ ਕਿਹਾ ਜਾ ਸਕਦਾ ਹੈ ਕਿ ਉਨ੍ਹਾਂ ਦੀਆਂ ਕਵਿਤਾਵਾਂ ਸਮਕਾਲ ਨਾਲ ਖਹਿ ਕੇ ਨਹੀਂ ਚਲਦੀਆਂ, ਜਿਸ ਤਰ੍ਹਾਂ ਸਥੂਲ ਵਿਚਾਰਧਾਰਾ ਵਾਲੀ ਕਵਿਤਾ ਖਹਿ ਕੇ ਚਲਦੀ ਸੀ । ਉਹਨਾਂ ਦੀ ਕਵਿਤਾ ਮੱਧ-ਸ਼੍ਰੇਣਿਕ ਚੇਤਨਾ ਦਾ ਬਚ-ਬਚਾਅ ਕੇ ਚਲਣ ਵਾਲੇ ਪੈਂਤੜੇ ਨੂੰ ਕੇਂਦਰ ਵਿਚ ਰੱਖ ਕੇ ਚਲਦੀ ਸੀ । ਉਤਰ ਨਕਸਲੀ ਦੌਰ ਵਿਚ ਜਦੋਂ ਸੁਪਨਾ ਤਿੜਕਦਾ ਹੈ ਤਾਂ ਇਕ ਆਮ ਆਦਮੀ, ਬੇਸ਼ੱਕ ਉਹ ਸਿਰਜਣਹਾਰਾ ਵੀ ਹੋਵੇ, ਸਾਂਝੇ ਸੁਪਨੇ ਤੋਂ ਘਰ ਵੱਲ ਨੂੰ ਪਰਤਦਾ ਹੈ । ਇਹ ਪੱਕੀ ਗੱਲ ਹੈ ਕਿ ਸੰਕਟ ਗ੍ਰਸਤ ਪ੍ਰਸਥਿਤੀਆਂ ਵਿਚ ਸਾਡੀ ਆਖ਼ਰੀ ਪਨਾਹਗਾਹ ਘਰ ਹੀ ਬਣਦਾ ਹੈ; ਘਰ ਸਾਡਾ ਆਦਰਸ਼ ਰਿਹਾ ਹੈ ਭਾਵੇਂ ਇਹ ਵੀ ਕਿਹਾ ਜਾਂਦਾ ਹੈ ਕਿ ਘਰ ਸਾਡੇ ਵਿਕਾਸ ਵਿਚ ਸਭ ਤੋਂ ਵੱਡੀ ਰੁਕਾਵਟ ਵੀ ਹੈ । ਇਸ ਤਰ੍ਹਾਂ ਦੀ ਕਵਿਤਾ ਆਪਣੀ ਮੈਂ ਵੱਲ ਮੁੜਦੀ ਹੈ, ਅੰਦਰ ਵੱਲ ਨੂੰ ਝਾਕਦੀ ਹੈ ਤੇ ਇਕ ਨਵੀਂ ਤਰ੍ਹਾਂ ਦੀ ਕਾਵਿ ਭਾਸ਼ਾ ਆਉਂਦੀ ਹੈ; ਨਵੀਂ ਤਰ੍ਹਾਂ ਦੇ ਕਾਵਿ-ਸੰਕਲਪ ਆਉਂਦੇ ਨੇ । ਖਚਤ-ਮਚਤ ਪ੍ਰਵਿਰਤੀਆਂ ਵਾਲਾ ਬੰਦਾ ਨਾਇਕ ਦੇ ਰੂਪ ਵਿਚ ਸਾਹਮਣੇ ਆਉਣ ਲਗਦਾ ਹੈ ।...ਉਹ ਦੂਰ ਦੀ ਹਰੇਕ ਚਮਕਦੀ ਚੀਜ਼ ਨੂੰ ਦੇਖ ਕੇ ਚਲਦਾ ਹੈ...ਇਸ ਤਰ੍ਹਾਂ ਦੀ ਮੱਧ-ਸ਼੍ਰੇਣਿਕ ਚੇਤਨਾ ਉਹਨਾਂ ਦੀ ਕਵਿਤਾ ਵਿਚ ਸ਼ੁਰੂ ਤੋਂ ਹੀ ਰਹੀ ਹੈ । ਮੈਂ ਪਿਛਲੇ ਦਿਨਾਂ ਵਿਚ ਕਾਫ਼ੀ ਸਮਕਾਲੀ ਨਜ਼ਮ ਤੇ ਗ਼ਜ਼ਲ ਪੜ੍ਹੀ ਹੈ । ਮੈਂ ਇਹ ਮੰਨ ਕੇ ਚਲਦਾ ਹਾਂ ਕਿ ਇਸ ਸਮੇਂ ਦੇ ਪੰਜਾਬੀ ਕਵਿਤਾ ਦੇ ਪ੍ਰਮੁੱਖ ਸੰਕਟਾਂ ਵਿਚੋਂ ਵੱਡਾ ਸੰਕਟ ਇਹ ਹੈ ਕਿ ਸਾਡੇ ਪ੍ਰਮੁੱਖ ਕਵੀ ਸਿਰਫ਼ ਕਵਿਤਾ ਹੀ ਲਿਖ ਸਕਦੇ ਹਨ । ਬਾਕੀ ਚੀਜ਼ਾਂ ਬਾਰੇ ਉਨ੍ਹਾਂ ਦੇ ਵਿਚਾਰ ਪ੍ਰਚੱਲਤ ਧਾਰਨਾਵਾਂ ਉੱਤੇ ਹੀ ਆਧਾਰਤ ਹਨ । ਜਿਵੇਂ ਮਾਇਕੋਵਸਕੀ ਕਹਿੰਦਾ ਹੈ ਕਿ ਮੈਂ ਕਵੀ ਨਹੀਂ ਕਿਉਂਕਿ ਮੇਰੀ ਮਾਂ ਨੇ ਕਵੀ ਨਹੀਂ ਜਣਿਆ, ਮੈਂ ਕਵੀ ਹਾਂ ਕਿਉਂਕਿ ਮੈਂ ਕਵਿਤਾ ਲਿਖਦਾ ਹਾਂ । ਇਤਿਹਾਸ ਬਾਰੇ ਮਿਥਿਹਾਸ ਬਾਰੇ, ਸਮਾਜ ਬਾਰੇ ਉਹ ਪ੍ਰਚੱਲਤ ਧਾਰਨਾਵਾਂ ਹੀ ਪੇਸ਼ ਕਰਦੇ ਹਨ । ਆਉਣ ਵਾਲੇ ਸਮੇਂ ਵਿੱਚ ਜਦੋਂ ਇਹ ਕਵਿਤਾ ਇਤਿਹਾਸ ਬਣੇਗੀ ਤਾਂ ਪ੍ਰਮਾਣਿਕਤਾ ਦੀ ਸਮੱਸਿਆ ਖੜੀ ਹੋ ਜਾਵੇਗੀ...ਪ੍ਰਮਿੰਦਰਜੀਤ ਦੀ ਕਵਿਤਾ ਵਿਚ ਜੋ ਵੱਖ-ਵੱਖ ਬਿੰਬ ਵਾਰ-ਵਾਰ ਦੁਹਰਾਹੇ ਜਾਂਦੇ ਹਨ, ਉਹ ਪੀਡੀ ਤਰ੍ਹਾਂ ਆਪਸ ਵਿਚ ਜੁੜੇ ਹੋਏ ਹਨ । ਜਿਵੇਂ ਖਿੜਕੀ ਦਾ ਚਿਹਨ ਹੈ । ਬਹੁਤ ਮਹੱਤਵਪੂਰਨ ਹੈ; ਕਿ ਇਕ ਵਿਅਕਤੀ ਖਿੜਕੀ ਦੇ ਵਿਚੋਂ ਪੂਰੀ ਦੁਨੀਆ ਨੂੰ ਦੇਖ ਰਿਹਾ ਹੈ । ਪਰ ਸਮੱਸਿਆ ਏਥੇ ਇਹ ਹੈ ਕਿ ਉਹ ਖਿੜਕੀ ਦੇ ਅੰਦਰੋਂ ਇਸ ਦੁਨੀਆਂ ਨੂੰ ਦੇਖ ਰਿਹਾ ਹੈ ਨਾਂ ਕਿ ਖਿੜਕੀ ਦੇ ਬਾਹਰੋਂ । ਦ੍ਰਿਸ਼ਟੀ ਦੀ ਇਹ ਜਿਹੜੀ ਸੀਮਾ ਬਣਦੀ ਹੈ, ਉਹ ਸਾਡੀ ਪੰਜਾਬੀ ਕਵਿਤਾ ਦਾ ਵੱਡੇ ਪੱਧਰ ਉੱਤੇ ਸੰਕਟ ਬਣਦੀ ਹੈ । ਇਸੇ ਤਰ੍ਹਾਂ 'ਨਜ਼ਮ' ਹੈ । ਮੈਨੂੰ ਲਗਦਾ ਕਿ ਨਜ਼ਮ ਨੂੰ ਵੀ ਪੂਰੀ ਜ਼ਿੰਦਗੀ ਦੀ ਦ੍ਰਿਸ਼ਟੀ ਤੋਂ ਦੇਖਣ ਦਾ ਮਤਲਬ ਹੈ ਕਿ ਅਸੀਂ ਜ਼ਿੰਦਗੀ ਦੇ ਅਲਟੀਮੇਟ ਸੱਚ ਤਕ ਨਹੀਂ ਪਹੁੰਚਦੇ । ਜਿਥੋਂ ਤਕ ਉਸ ਗੱਲ ਦਾ ਸੰਬੰਧ ਹੈ ਜਿਸ ਨੂੰ ਭੰਡਾਲ ਤੇ ਤਸਕੀਨ ਨੇ ਸਾਮੰਤੀ ਸਰੋਕਾਰ ਕਿਹਾ ਹੈ; ਮੈਨੂੰ ਲਗਦਾ ਹੈ ਕਿ ਮਨੁੱਖ ਦੀ ਦੁਚਿੱਤੀ ਬਾਰੇ ਜਾਨਣਾ ਬਹੁਤ ਜ਼ਰੂਰੀ ਹੈ । ਜਦੋਂ ਪੰਜਾਬੀ ਆਦਮੀ ਆਪਣੀ ਵੱਖਰੀ ਹੋਂਦ ਦੀ ਗੱਲ ਕਰਦਾ ਤਾਂ ਉਹ ਸਾਰੀਆਂ ਚੀਜ਼ਾਂ ਨੂੰ ਵੱਖਰੇ ਤਰੀਕੇ ਨਾਲ ਲੈਣਾ ਚਾਹੁੰਦਾ ਪਰ ਜਦੋਂ ਪਰਿਵਾਰ ਦੀ ਹੋਂਦ ਦੀ ਗੱਲ ਆਉਂਦੀ ਹੈ ਤਾਂ ਉਹਦੇ ਸਾਹਮਣੇ ਪ੍ਰਚੱਲਤ ਸਰੋਕਾਰ ਵੱਡੀ ਦੀਵਾਰ ਬਣ ਕੇ ਖੜੇ ਹੋ ਜਾਂਦੇ ਨੇ । ਜਿਵੇਂ 'ਬਚਪਨ ਘਰ ਤੇ ਮੈਂ' ਵਿਚ ਪੇਸ਼ ਹੁੰਦੀ ਮਾਂ, ਉਸ ਔਰਤ ਦਾ ਪ੍ਰਤੀਨਿਧ ਰੂਪ ਹੈ ਜਿਹੜੀ ਸਵੈ-ਨਿਰਭਰ ਹੋਣ ਜਾ ਰਹੀ ਹੈ। ਇਸ ਕਾਰਨ ਪਿਤਰਕੀ ਵੱਲੋਂ ਉਸ ਉੱਤੇ ਆਰੋਪਤ ਫਰਜ਼ ਆਹਤ ਹੁੰਦੇ ਹਨ । ਇਸ ਨਾਲ ਕਾਵਿ-ਨਾਇਕ ਆਹਤ ਹੁੰਦਾ ਹੈ ਤੇ ਇਸ ਵਿਚ ਵਿਸ਼ਾਦ ਪੈਦਾ ਹੁੰਦਾ ਹੈ । ਉਹਨਾਂ ਦੀਆਂ ਵੱਖ-ਵੱਖ ਕਿਤਾਬਾਂ ਦਾ ਸਮਾਂ ਵਿਚਾਰਧਾਰਕ ਗੈਪਸ ਦਾ ਸਮਾਂ ਹੈ ਕਿ ਨਕਸਲੀ ਲਹਿਰ ਤੋਂ ਬਾਦ ਖਾਸ ਕਰ ਪੰਜਾਬੀ ਪੁਰਸ਼ ਕਿਵੇਂ ਸੋਚਦਾ ਸੀ, ਜਾਂ ਰੂਸ ਦੇ ਟੁੱਟਣ ਬਾਦ ਤੇ ਆਦਰਸ਼ਾਂ ਦੇ ਖ਼ਤਮ ਹੋਣ ਬਾਦ ਪੰਜਾਬੀ ਪੁਰਸ਼ ਕਿਵੇਂ ਸੋਚਦਾ ਹੈ ਜਾਂ ਵਰਤਮਾਨ ਖਪਤ ਸੱਭਿਆਚਾਰ ਦੇ ਸਮੇਂ, ਸਾਧਨਾਂ ਦੀ ਬਹੁਤਾਤ ਵਿਚ, ਸਿਰਜਣਾ ਤੇ ਆਦਰਸ਼ ਨਾਲ ਜੁੜਿਆ ਵਿਅਕਤੀ ਜਦੋਂ ਦੌੜ ਵਿਚ ਪਛੜ ਜਾਂਦਾ ਹੈ ਤਾਂ ਕਿਵੇਂ ਸੋਚਦਾ ਹੈ । ਇਹ ਸਭ ਪ੍ਰਮਿੰਦਰਜੀਤ ਦੀ ਕਵਿਤਾ ਦੇ ਸਰੋਕਾਰ ਹਨ । ਇਸ ਲਈ ਇਹ ਕਵਿਤਾ ਜਦੋਂ ਆਉਣ ਵਾਲੇ ਸਮਿਆਂ ਵਿੱਚ ਪੜ੍ਹੀ ਜਾਵੇਗੀ ਤਾਂ ਆਪਣੇ ਸਮਿਆਂ ਦੇ ਮਾਨਵ ਦੀ ਚੇਤਨਾ ਦੇ ਦਸਤਾਵੇਜ਼ ਵਜੋਂ ਪੜ੍ਹੀ ਜਾਵੇਗੀ ।
ਡਾ. ਬਿਕਰਮਜੀਤ ਸਿੰਘ : ਜੇਕਰ ਅਸੀਂ ਦੇਖੀਏ ਤਾਂ ਅਸੀਂ ਪ੍ਰਮਿੰਦਰਜੀਤ ਦੀ ਸ਼ਾਇਰੀ ਨੂੰ ਸਿਰਫ਼ ਉਨ੍ਹਾਂ ਦਾ ਅਨੁਭਵ ਨਹੀਂ ਮੰਨ ਸਕਦੇ । ਜੋ ਵੀ ਅਨੁਭਵ ਉਨ੍ਹਾਂ ਦੇ ਹੈਗੇ ਆ, ਉਹ ਸਾਰੀ ਦੁਨੀਆ ਦੇ ਹੋ ਸਕਦੇ ਨੇ ਕਿਉਂਕਿ ਹਰ ਇਕ ਦਾ ਘਰ ਹੁੰਦਾ, ਬੱਚੇ, ਮਾਂ, ਬਾਪ ਹੁੰਦੈ; ਉਨ੍ਹਾਂ ਦਾ ਸੋਚਣ ਢੰਗ ਵੱਖਰਾ-ਵੱਖਰਾ ਹੋ ਸਕਦਾ । ਇਸ ਲਈ ਇਹ ਸਮੱਸਿਆ ਇਕੱਲੇ ਪ੍ਰਮਿੰਦਰਜੀਤ ਨਾਲ ਜੁੜੀ ਹੋਈ ਨਹੀਂ ।
ਮਲਵਿੰਦਰ : ਜਿਵੇਂ ਤਸਕੀਨ ਤੇ ਹਰਵਿੰਦਰ ਭੰਡਾਲ ਨੇ ਪ੍ਰਮਿੰਦਰਜੀਤ ਦੀ ਕਵਿਤਾ ਦੀ ਸੀਮਾ ਦੀ ਕੁਝ ਗੱਲ ਕੀਤੀ ਆ, ਜਾਂ ਜੋਧਾ ਨੇ ਕਿਹਾ ਕਿ ਉਹ ਆਪਣੇ ਸਮਕਾਲ ਨਾਲ ਖਹਿ ਕੇ ਨਹੀਂ ਚੱਲਦੀ । ਮੈਨੂੰ ਉਹ ਉਹਦੀ ਕਵਿਤਾ ਦੀ ਸੀਮਾ ਨਹੀਂ ਲਗਦੀ, ਮੈਨੂੰ ਉਹ ਉਨ੍ਹਾਂ ਦੀ ਸਿਰਜਣਾ ਦਾ ਸਹਿਜ ਲਗਦਾ ਏ । ਮੈਨੂੰ ਲਗਦਾ ਕਿ ਜੇ ਉਹ ਕਵਿਤਾ ਵਿਚ ਆਰੋਪਤ ਵਿਚਾਰਧਾਰਾ ਠੋਸਣ ਦੀ ਗੱਲ ਕਰਦੇ ਤਾਂ ਕਵਿਤਾ ਦੀ ਸਹਿਜਤਾ ਨਹੀਂ ਸੀ ਰਹਿਣੀ । ਉਨ੍ਹਾਂ ਦੀ ਕਵਿਤਾ ਦਾ ਕਾਵਿਕ ਅਨੁਭਵ ਨਹੀਂ ਸੀ ਰਹਿਣਾਂ । ਉਨ੍ਹਾਂ ਦੀ ਕਵਿਤਾ ਹੈ ਕਿ ਮੈਂ ਆਪਣੇ ਪੁਰਖਿਆਂ ਦੇ ਹਉਕੇ ਦਾ ਵਿਸਥਾਰ ਹਾਂ । ਇਥੇ ਪ੍ਰਸ਼ਨ ਇਹ ਪੈਦਾ ਹੁੰਦਾ ਕਿ ਸਾਡੇ ਪੁਰਖੇ ਵਿਰਾਸਤ ਵਿਚ ਸਾਨੂੰ ਹੋਰ ਵੀ ਬੜਾ ਕੁਝ ਦੇ ਕੇ ਗਏ ਹੁੰਦੇ ਆ ਤੇ ਫਿਰ ਅਸੀਂ ਹਉਕੇ ਦਾ ਵਿਸਥਾਰ ਹੀ ਕਿਉਂ ਹਾਂ ? ਫਿਰ ਸਾਨੂੰ ਲਗਦਾ ਕਿ ਇਹ ਜੋ ਅਚੰਭਤ ਕਰਨ ਵਾਲਾ ਵਿਕਾਸ ਸਾਨੂੰ ਨਜ਼ਰ ਆ ਰਿਹਾ, ਇਹ ਕਿਤੇ ਬਾਹਰੀ-ਬਾਹਰੀ ਆ, ਸਮੁੱਚੇ ਤੌਰ ਤੇ ਜਦੋਂ 'ਅਸੀਂ' ਆਪਣੇ ਅੰਦਰ ਝਾਤੀ ਮਾਰਦੇ ਆਂ, ਤਾਂ ਸਾਡੇ ਹਾਲਾਤ ਵਿਚ ਕੋਈ ਬਹੁਤ ਜ਼ਿਆਦਾ ਫ਼ਰਕ ਨਹੀਂ ਆਇਆ । ਫਿਰ ਸਾਨੂੰ ਲਗਦਾ ਕਿ ਵਾਕਈ ਅਸੀਂ ਆਪਣੇ ਪੁਰਖਿਆਂ ਦੇ ਹਉਕਿਆਂ ਦਾ ਵਿਸਥਾਰ ਹੀ ਆਂ ।ਸੁਰਜੀਤ ਜੱਜ : ਬਹੁਤ ਖ਼ੂਬਸੂਰਤ ਗੱਲਾਂ ਹੋ ਰਹੀਆਂ ਨੇ । ਮਲਵਿੰਦਰ ਨੇ ਸਹਿਜ ਤੇ ਆਰਪੋਤ ਵਿਚਾਰਧਾਰਾ ਦੀ ਗੱਲ ਕੀਤੀ ਹੈ । ਅਸੀਂ ਇਹ ਬਹੁਤ ਸੌਖੀ ਤਰ੍ਹਾਂ ਕਹਿ ਦਿੰਦੇ ਹਾਂ ਕਿ ਇਹ ਵਿਚਾਰਧਾਰਾ ਆਰੋਪਤ ਹੈ । ਵਿਚਾਰਧਾਰਾ ਦਾ ਆਰੋਪਤ ਹੋਣਾ ਇਕ ਗੱਲ ਹੈ ਤੇ ਬੰਦੇ ਕੋਲ ਖਹਿ ਕੇ ਲੰਘਣ ਵਾਲੀ ਵਿਚਾਰਧਾਰਾ ਹੋਣਾ ਦੂਜੀ ਗੱਲ ਹੈ । ਬਿਨਾ ਵਿਚਾਰਧਾਰਾ ਤੋਂ ਕੋਈ ਕਵੀ ਖ਼ੂਬਸੂਰਤ ਸ਼ਾਇਰੀ ਨਹੀਂ ਕਰ ਸਕਦਾ । ਤੁਸੀਂ ਦੁਨੀਆ ਨੂੰ ਇਕ ਖ਼ਾਸ ਨਜ਼ਰੀਏ ਤੋਂ ਦੇਖਣਾ ਹੈ ਤੇ ਉਹ ਨਜ਼ਰੀਆ ਹਰ ਹਾਲਾਤ ਵਿਚ ਪ੍ਰਮਿੰਦਰਜੀਤ ਕੋਲ ਵੀ ਹੈ । ਜਦੋਂ ਸ਼ਾਇਰੀ ਨੂੰ ਹਰ ਹਾਲਤ ਵਿਚ ਖਹਿ ਕੇ ਤਾਂ ਲੰਘਣਾ ਈ ਚਾਹੀਦਾ । ਅਸੀਂ ਸ਼ਾਇਰ ਦੇ ਅੰਦਰੋਂ ਇਹ ਲੱਭਣਾ ਹੈ ਕਿ ਉਹ ਕਿਸ ਰੂਪ ਵਿਚ ਖਹਿ ਕੇ ਲੰਘਦਾ ਹੈ । ਹੁਣ ਜਿਵੇਂ ਗੱਲ ਹੋਈ ਹੈ ਕਿ ਵੱਖ-ਵੱਖ ਸਥਿਤੀਆਂ ਵਿਚ ਪ੍ਰਮਿੰਦਰਜੀਤ ਦੀ ਦ੍ਰਿਸ਼ਟੀ ਕਿਵੇਂ ਬਦਲਦੀ ਹੈਮਾਂ ਦੇ ਸੰਬੰਧ ਵਿਚ ਇਹ ਵਿਸ਼ਲੇਸ਼ਣ ਕਰਨ ਦੀ ਲੋੜ ਹੈ ਕਿ ਕੀ ਇਹ ਪੰਜਾਬੀ ਮਨੁੱਖ ਦਾ ਸਮੂਹਕ ਕਰਮ ਹੈ ਜਾਂ ਪ੍ਰਮਿੰਦਰਜੀਤ ਹੋਰਾਂ ਦੇ ਨਿੱਜੀ ਦਾਇਰੇ ਵਿਚੋਂ ਨਿਕਲੀ ਗੱਲ ਹੈ ? ਜੇ ਇਹ ਸਮੂਹਕ ਕਰਮ ਬਣਦਾ ਹੈ ਤਾਂ ਇਹ ਮਹੱਤਵਪੂਰਨ ਗੱਲ ਬਣਦੀ ਹੈ । ਮੈਨੂੰ ਲਗਦਾ ਹੈ ਕਿ ਇਹ ਪੰਜਾਬੀ ਬੰਦੇ ਦਾ ਸਮੂਹਕ ਕਰਮ ਹੈ । ਜਦੋਂ ਉਹ ਆਪ ਪੁੱਤ ਹੁੰਦਾ ਹੈ ਤਾਂ ਉਹਦਾ ਮਾਂ-ਪਿਉ ਪ੍ਰਤੀ ਨਜ਼ਰੀਆ ਹੋਰ ਹੁੰਦਾ ਹੈ ਪਰ ਜਦੋਂ ਉਹ ਆਪ ਪਿਉ ਬਣਦਾ ਹੈ ਤਾਂ ਨਜ਼ਰੀਆ ਬਦਲ ਜਾਂਦਾ ਹੈ । ਕਵਿਤਾ ਇਕ ਗੁੰਝਲਦਾਰ ਵਰਤਾਰਾ ਹੈ ਤੇ ਇਹਦੇ ਵਿਚ ਕਈ ਕੁਝ ਸ਼ਾਇਰ ਦੇ ਵੱਸੋਂ ਬਾਹਰ ਵੀ ਹੁੰਦਾ ਹੈ । ਇਹਦੇ ਵਿਚ ਕਈ ਕਵਿਤਾਵਾਂ ਅਜਿਹੀਆਂ ਵੀ ਹਨ, ਜਿਹਨਾਂ ਤੋਂ ਪਤਾ ਲਗਦਾ ਹੈ ਕਿ ਕਿਤੇ ਨਾ ਕਿਤੇ ਸ਼ਾਇਰ ਉੱਤੇ ਪ੍ਰਮਿੰਦਰਜੀਤ ਵਿਅਕਤੀ ਵਜੋਂ ਹਾਵੀ ਹੋ ਜਾਂਦਾ ਹੈ ਕਿਉਂਕਿ ਜਿਸ ਤਰ੍ਹਾਂ ਦਾ ਵਤੀਰਾ ਮਮਤਾ ਦਾ ਬੱਚਿਆਂ ਪ੍ਰਤੀ ਉਹਨਾਂ ਦੀ ਕਵਿਤਾ ਵਿਚ ਹੈ, ਇਹ ਪੰਜਾਬੀ ਸਭਿਆਚਾਰ ਵਿਚ ਮਾਂ ਦਾ ਸਮੂਹਕ ਕਰਮ ਨਹੀਂ ਹੈ । ਪੰਜਾਬੀ ਮਰਦ ਦਾ ਅਜਿਹਾ ਹੈ ਪਰ ਔਰਤ ਦਾ ਨਹੀਂ ਹੈ । ਦੂਜੀ ਗੱਲਕਵਿਤਾ ਨੇ ਗੱਲਾਂ ਹੀ ਨਹੀਂ ਕਰਨੀਆਂ ਹੁੰਦੀਆਂ, ਕਵਿਤਾ ਨੇ ਕਵਿਤਾ ਵੀ ਬਣਨਾ ਹੁੰਦਾ । ਤੇ ਸਾਡੇ ਲਈ ਕਵਿਤਾ ਨੂੰ ਸਮਝਣ ਲਈ ਉਹਦੀ ਕਵਿਤਾ ਦੀਆਂ ਉਹ ਤੰਦਾਂ ਲੱਭਣੀਆਂ ਬਹੁਤ ਜ਼ਰੂਰੀ ਹਨ, ਜਿੱਥੇ ਜਾ ਕੇ ਕਵਿਤਾ ਬਣਦੀ ਹੈ । ਪ੍ਰਮਿੰਦਰਜੀਤ ਬਾਰੇ ਵੀ ਇਹ ਕੰਮ ਹੋਣ ਵਾਲਾ ਹੈ । ਭਾਅ ਪ੍ਰਮਿੰਦਰਜੀਤ ਦੀ ਇਸ ਕਵਿਤਾ ਵਿਚ ਏਨੀ ਜ਼ਿਆਦਾ ਸਪਾਟ ਬਿਆਨੀ ਹੈ, ਕਿ ਕਵਿਤਾ ਵਾਲੀ ਗੁੰਝਲ ਕਿਤੇ ਨਾ ਕਿਤੇ ਹਿੱਲਦੀ ਨਜ਼ਰ ਆਉਂਦੀ ਹੈ । ਕਵਿਤਾ ਦੀ ਤਕਨੀਕ ਦਾ ਅਰਥ ਇਹੀ ਨਹੀਂ ਹੁੰਦਾ ਕਿ ਤੁਸੀਂ ਗੱਲ ਕਿਵੇਂ ਕਰਨੀ ਹੈ, ਇਸ ਦਾ ਅਰਥ ਇਹ ਵੀ ਹੈ ਕਿ ਤੁਸੀਂ ਅਨੁਭਵ ਵੀ ਕਿਵੇਂ ਗ੍ਰਹਿਣ ਕਰਨਾ ਹੈ । ਜੇ ਅਸੀਂ ਟਿੱਪਣੀਨੁਮਾ ਕਵਿਤਾ ਵੱਲ ਤੁਰੀ ਜਾਵਾਂਗੇ ਤਾਂ ਸਾਡਾ ਜ਼ਿੰਦਗੀ ਦੀਆਂ ਗੁੰਝਲਾਂ ਨੂੰ ਦੇਖਣ ਦਾ ਨਜ਼ਰੀਆ ਵੀ ਸਤਹੀ ਹੁੰਦਾ ਜਾਏਗਾ । ਅਸੀਂ ਗੁੰਝਲਦਾਰ ਤਕਨੀਕ ਰਾਹੀਂ ਹੀ ਸਮਾਜ ਦੀਆਂ ਗੁੰਝਲਾਂ ਨੂੰ ਵੀ ਫੜ ਸਕਦੇ ਆਂ । ਜਿਵੇਂ ਘਰ ਸਾਡੇ ਲਈ ਸਭ ਤੋਂ ਗੁੰਝਲਦਾਰ ਚੀਜ਼ ਹੈ । ਇਸ ਘਰ ਨੇ ਸਾਡੇ ਪੈਰਾਂ ਵਿਚ ਸੰਗਲ ਵੀ ਪਾਏ ਹੋਏ ਆ ਤੇ ਅੱਗੇ ਤੁਰਨ ਦੀ ਪ੍ਰੇਰਨਾ ਵੀ ਇਹ ਦੇ ਰਿਹਾ । ਇਸ ਤੋਂ ਅੱਗੇ ਸਾਡੇ ਪੁਰਖਿਆਂ ਨੇ ਸਾਨੂੰ ਰੋਣਾ-ਧੋਣਾ ਵੀ ਦਿੱਤਾ ਤੇ ਉਹ ਕੁਝ ਵੀ ਦਿੱਤਾ ਜਿਸ ਨਾਲ ਅਸੀਂ ਜ਼ਿੰਦਗੀ ਨੂੰ ਖ਼ੂਬਸੂਰਤ ਲਮਹਿਆਂ ਵਿਚ ਬਦਲਦੇ ਆਂ ਤੇ ਅੱਗੇ ਤੁਰਦੇ ਆਂ । ਭਾਅ ਪ੍ਰਮਿੰਦਰਜੀਤ ਦੀਆਂ ਪਹਿਲੀਆਂ ਕਵਿਤਾਵਾਂ ਵਿਚ ਜ਼ਿੰਦਗੀ ਦਾ ਸਮੁੱਚਾ ਸੱਚ ਵਧੇਰੇ ਉੱਘੜਵਾਂ ਸੀ । ਹੁਣ ਦੀ ਕਿਤਾਬ ਵਿਚ ਕਿਤੇ ਗੱਲ ਹਲਕੀ ਰਹਿ ਗਈ ਹੈ । ਇਕੱਲੀ ਕੁੰਠਾ ਨਾਲ ਬੰਦਾ ਲੰਬਾ ਸਮਾਂ ਸਫ਼ਰ ਤਹਿ ਨਹੀਂ ਕਰ ਸਕਦਾ ।
ਸ੍ਰੀਰਾਮ ਅਰਸ਼ : ਮੈਂ ਪ੍ਰਮਿੰਦਰਜੀਤ ਦੀ ਸ਼ਾਇਰੀ ਨੂੰ ਚਾਲੀ ਵਰ੍ਹਿਆਂ ਤੋਂ ਜਾਣਦਾਂ । ਇਨ੍ਹਾਂ ਦੀ ਸ਼ਾਇਰੀ, ਜੇ ਮੈਂ ਦੋ ਲਫ਼ਜ਼ਾਂ ਵਿਚ ਕਹਿਣਾ ਹੋਵੇ ਤਾਂ ਖਹਵਥਜੀਹ ਖਹਗ ਤੀਗ ਹੈ । ਇਨ੍ਹਾਂ ਦੇ ਘਰ ਵਿਚ ਹੀ ਸੂਬਾ ਹੈ, ਤੇ ਘਰ ਵਿਚ ਹੀ ਦੇਸ਼ ਆ ਜਾਂਦਾ । ਘਰ ਵਿਚ ਹੀ ਰਾਜਾ, ਰਾਣੀ ਤੇ ਪਰਜਾ ਆ ਗਈ । ਸੰਸਾਰ ਵਿਚ ਇਹੋ ਕੁਝ ਏ । ਸੰਸਾਰ ਘਰ ਵਿੱਚੋਂ ਸ਼ੁਰੂ ਹੋ ਕੇ ਘਰ ਵਿੱਚ ਹੀ ਖ਼ਤਮ ਹੁੰਦਾ । ਉਹਦਾ ਵਿਸਥਾਰ ਆ ਬਾਕੀ ਸਾਰਾ । ਪ੍ਰਮਿੰਦਰਜੀਤ ਦਾ ਮਾਂ ਨਾਲ ਬੜਾ ਗੂੜ੍ਹਾ ਪਿਆਰ ਰਿਹਾ । ਮਿਸਾਲੀ, ਜੇ ਸਰਵਨ ਤੋਂ ਬਾਦ ਕੋਈ ਦੇਖਿਆ ਤਾਂ ਆਪਣਾ ਪ੍ਰਮਿੰਦਰਜੀਤ ਆ । ਇਹਨਾਂ ਕੋਲ ਮਾਂ ਦੇ ਦੋ ਬਿੰਬ ਨੇ । ਇਕ ਤਾਂ ਉਹ ਮਾਂ ਜੋ ਹਰ ਵੇਲੇ ਤਸਕੀਨ ਦਿੰਦੀ ਆ । ਜਦੋਂ ਬੰਦਾ ਟੁੱਟਦਾ ਤਾਂ ਮਾਂ ਦੀ ਝੋਲੀ ਵਿਚ ਆਉਂਦਾ । ਦੂਸਰੇ ਪੜਾਅ ਵਿਚ ਸੰਸਾਰ ਦੀ ਗੱਲ ਹੈ । ਇਹ ਹਕੀਕਤ ਬਿਆਨੀ ਹੈ । ਨਕਸਲੀ ਲਹਿਰ ਬਾਰੇ ਇਨ੍ਹਾਂ ਨੂੰ ਹਮੇਸ਼ਾ ਲਗਦਾ ਸੀ ਕਿ ਇਹਦੇ ਪਿੱਛੇ ਕੋਈ ਕਮਜ਼ੋਰੀ ਵੀ ਆ । ਉਹ ਕਮਜ਼ੋਰੀ ਬਾਦ ਵਿਚ ਕਮਜ਼ੋਰੀ ਨਿਕਲੀ । ਉਹ ਗੱਲਾਂ ਪ੍ਰਮਿੰਦਰਜੀਤ ਦੀ ਉਦੋਂ ਦੀ ਸ਼ਾਇਰੀ ਵਿਚ ਹਨ । ਦੂਜਾ ਦੌਰ ਹੈ ਮੰਡੀ ਦਾ । ਖਿੜਕੀ ਵਿੱਚੋਂ ਇਹਨੇ ਮੰਡੀ ਵੇਖੀ ਆ । ਜੋ ਮੰਡੀ ਨੇ ਸਾਡੀ ਪਰਜਾ ਦਾ ਕਰਨਾ ਉਹ ਇਹ ਅੱਜ ਦੱਸ ਰਿਹਾ । ਇਹਨੇ ਸਭ ਕੁਝ ਨੂੰ ਕਿਸੇ ਰੰਗ ਦੀਆਂ ਐਨਕਾਂ ਲਾ ਕੇ ਨਹੀਂ ਦੇਖਿਆ ਸਗੋਂ ਚਿੱਟੀਆਂ ਐਨਕਾਂ ਨਾਲ ਪੂਰਾ ਸੰਸਾਰ ਦੇਖਿਆ । ਸ਼ਾਇਰ ਲਈ ਇਹੀ ਹੁੰਦਾ ਹੈ ਕਿ ਜੋ ਉਸ ਦੀ ਅੰਤਰੀਵ ਦੀ ਭਾਵਨਾ ਹੈ, ਉਸਨੂੰ ਉਹ ਸੱਚੇ-ਸੁੱਚੇ ਸ਼ਬਦਾਂ ਵਿਚ ਪ੍ਰਗਟ ਕਰੇ । ਪ੍ਰਮਿੰਦਰਜੀਤ ਦੇ ਸਮਕਾਲੀਆਂ ਦੇ ਮੁਕਾਬਲੇ ਇਹ ਗੱਲ ਸਭ ਤੋਂ ਵੱਧ ਪ੍ਰਮਿੰਦਰਜੀਤ ਵਿਚ ਹੈ । ਸ਼ਬਦਾਂ ਨੂੰ ਬੜੇ ਖ਼ੂਬਸੂਰਤ ਅੰਦਾਜ਼ ਵਿਚ ਵਰਤਣ ਦੀ ਕਲਾ ਉਸ ਕੋਲ ਹੈ ।
ਡਾ. ਕਰਨੈਲ ਸ਼ੇਰਗਿੱਲ : ਮੇਰੇ ਲਈ ਪ੍ਰਮਿੰਦਰਜੀਤ ਵੱਡਾ ਸ਼ਾਇਰ ਹੈ । ਏਥੇ ਗੱਲ ਹੋ ਰਹੀ ਸੀ ਪ੍ਰਤੀਬੱਧਤਾ ਦੀ ਤੇ ਅਨੁਭਵ ਦੀ । ਪ੍ਰਮਿੰਦਰਜੀਤ ਦੀਆਂ ਜੇ ਮੁੱਢ ਤੋਂ ਲੈ ਕੇ ਹੁਣ ਤਕ ਸਾਰੀਆਂ ਰਚਨਾਵਾਂ ਪੜ੍ਹੋ ਤਾਂ ਉਸ ਦਾ ਨਜ਼ਰੀਆ ਇਕ ਅਨੁਭਵ ਦੇ ਰੂਪ ਵਿਚ ਨਜ਼ਰ ਆਉਂਦਾ ਹੈ । ਹਰੇਕ ਰਚਨਾ ਆਪਣੀ ਫਾਰਮ ਲੈ ਕੇ ਆਉਂਦੀ ਹੈ । ਕਵੀ ਦੀ ਰਚਨਾ ਆਪਣੇ ਆਪ ਪੈਦਾ ਹੁੰਦੀ ਹੈ । ਅਸੀਂ ਆਪਣੇ ਆਪ ਬਾਰੇ ਹੀ ਗੱਲਾਂ ਕਰਦੇ ਆਂ ਕਿਉਂਕਿ ਇਸ ਤੋਂ ਅੱਗੇ ਸਾਨੂੰ ਕੁਝ ਪਤਾ ਨਹੀਂ ਹੁੰਦਾ । ਇਸ ਲਈ ਮੈਂ ਪ੍ਰਮਿੰਦਰਜੀਤ ਨੂੰ ਵਧਾਈ ਦਿੰਨਾਂ ।
ਪ੍ਰਮਿੰਦਰਜੀਤ : ਮੇਰੇ ਲਈ ਅੱਜ ਦੀ ਗੋਸ਼ਟੀ ਦੀ ਮਹੱਤਤਾ ਹੈ । ਮੇਰੀ ਖ਼ੁਸ਼ਕਿਸਮਤੀ ਹੈ ਕਿ ਮੈਨੂੰ ਚੰਗੇ ਅਦੀਬ ਦੋਸਤਾਂ ਜਾਂ ਆਲੋਚਕਾਂ ਦੀ ਘਾਟ ਨਹੀਂ ਰਹੀ । ਮੈਂ ਥੋੜ੍ਹਾ ਜਿਹਾ ਜਜ਼ਬਾਤੀ ਆਂ, ਮੇਰੇ ਵਿਚ ਕੋਈ ਖੋਟ ਨਹੀਂ ਹੈ । ਮੇਰੀਆਂ ਸਵਾ ਤਿੰਨ ਕਿਤਾਬਾਂ ਹਨ । ਕੋਲਾਜ ਕਿਤਾਬ ਦਾ ਆਪਣੀ ਰਚਨਾਤਮਕ ਊਰਜਾ ਨਾਲ ਸਵਾਗਤ ਹੋਇਆ ਸੀ । ਉਸ ਵੇਲੇ ਲੱਗਾ ਸੀ ਕਿ ਕੁਝ ਕਵਿਤਾ ਲਿਖੀ ਗਈ ਹੈ । ਸਰਬਜੀਤ ਹੋਰਾਂ ਨੇ ਮੇਰੀ ਦੂਜੀ ਕਿਤਾਬ ਉੱਤੇ ਪਰਚਾ ਪੜ੍ਹਦਿਆਂ ਪਟਿਆਲੇ ਕਿਹਾ ਕਿ ਦੋ ਕਵੀ ਪ੍ਰਮਿੰਦਰਜੀਤ ਤੇ ਮੋਹਨਜੀਤ ਹਾਸ਼ੀਏ ਉੱਤੇ ਰਹੇ ਨੇ । ਮੈਂ ਕਿਹਾ, ਭਾਊ ਮੋਹਨਜੀਤ ਦਾ ਨਾਂ ਤੂੰ ਪਾਈ ਰੱਖ, ਮੇਰਾ ਨਾਂ ਕੱਟ ਦੇ ਕਿਉਂਕਿ ਮੈਂ ਕਦੀ ਹਾਸ਼ੀਏ 'ਤੇ ਨਹੀਂ ਰਿਹਾ । ਆਹ ਮੁੰਡੇ ਬੈਠੇ ਨੇ, ਮੇਰੇ ਅਜੀਜ਼ ਜੋ ਨਵੀਂ ਕਵਿਤਾ ਦਾ ਜ਼ਿਕਰ ਕਰਦੇ ਨੇ । ਇਹਨਾਂ ਤੋਂ ਪਹਿਲਾਂ ਦੇ ਵੀ, ਜਿਹੜੇ ਅਭਿਆਸੀ ਆਲੋਚਕ ਸਨ, ਉਨ੍ਹਾਂ ਨੂੰ ਵੀ ਮੇਰੀ ਕਵਿਤਾ ਦਾ ਜ਼ਿਕਰ ਕਰਨਾ ਪੈਂਦਾ ਰਿਹਾ। ਇਹ ਮੇਰੀ ਕਵਿਤਾ ਦਾ ਉਸ ਵੇਲੇ ਦਾ ਹਾਸਿਲ ਸੀ । 'ਮੇਰੀ ਮਾਰਫ਼ਤ' ਬਾਰੇ ਤਾਂ ਲੋੜ ਨਾਲੋਂ ਵੀ ਵੱਧ ਲਿਖਿਆ ਗਿਆ। ਇਕ ਵੇਲੇ ਮੈਨੂੰ ਲੱਗਾ ਕਿ ਸ਼ਾਇਦ ਮੇਰੀ ਕਵਿਤਾ ਮੁੱਕ ਗਈ ਆ । ਪਰ ਬਾਦ ਵਿਚ ਮੈਨੂੰ ਪਤਾ ਲੱਗਾ ਕਿ ਕਵਿਤਾ ਲੱਭਣ ਲਈ ਕਿਤੇ ਬਾਹਰ ਨਹੀਂ ਜਾਣਾ ਪੈਂਦਾ, ਇਹ ਤਾਂ ਘਰ ਵਿਚ ਹੀ ਹੁੰਦੀ ਆਂ ।...ਇਹ ਅਨੁਭਵ ਦੀ ਸੁਹਿਰਦਤਾ ਸੀ । ਔਰਤ ਨੂੰ ਮੈਂ ਕਿਤੇ ਨੀਗੇਟ ਨਹੀਂ ਕੀਤਾ । ਮੈਂ ਔਰਤ ਦੀ ਮਹਾਨਤਾ ਨੂੰ ਮੰਨਦਾਂ । ਜਿਸ ਘਰ ਵਿਚ ਧੀ ਨਹੀਂ, ਮੈਂ ਉਸ ਨੂੰ ਸੰਪੂਰਨ ਨਹੀਂ ਮੰਨਦਾ ।...ਮੈਨੂੰ ਪਤਾ ਸੀ ਕਿ ਏਥੇ ਗੋਸ਼ਟੀ ਕਿਸ ਅੰਦਾਜ਼ ਵਿਚ ਹੋਣੀ ਆਂ, ਤੇ ਉਹੀ ਹੋਇਆ । ਮੇਰੀ ਕਵਿਤਾ ਦੀਆਂ ਤੰਦਾਂ ਨੂੰ ਫੜਨ ਦਾ ਯਤਨ ਜਿਵੇਂ ਇਨ੍ਹਾਂ ਮਿੱਤਰਾਂ ਨੇ ਕੀਤਾ ਹੈ, ਮੇਰੇ ਲਈ ਉਹ ਕਿਸੇ ਬਹੁਤ ਵੱਡੇ ਆਲੋਚਕ ਨਾਲੋਂ ਵੀ ਵੱਧ ਮਹਤੱਵਪੂਰਨ ਹੈ । ਬਾਕੀ ਬਿਆਨ ਮੈਂ ਦੋ ਕਵਿਤਾਵਾਂ ਰਾਹੀਂ ਦਿਆਂਗਾ ।
ਅਸ਼ਰਫ਼ ਗਿੱਲ : ਮੈਂ ਸਮਝਦਾ ਸਾਂ ਕਿ ਪ੍ਰਮਿੰਦਰਜੀਤ ਹੋਰੀਂ ਅੱਖਰ ਕੱਢਦੇ ਨੇ ਬਸ । ਪਰ ਇਹ ਤਾਂ ਅੱਖਰ-ਸ਼ਨਾਸ ਵੀ ਨੇ । ਬਾਕੀ ਤਰਲੋਚਨ ਸਿੰਘ ਹੋਰਾਂ ਦਾ ਕਿਸੇ ਨੇ ਸ਼ੁਕਰੀਆ ਨਹੀਂ ਕੀਤਾ ਜਿਹਨਾਂ ਮੇਜ਼ਬਾਨੀ ਕੀਤੀ ਏ । (ਹਾਸਾ)
ਹਰਮੀਤ ਵਿਦਆਰਥੀ : ਜਿਵੇਂ ਹਰਵਿੰਦਰ ਨੇ ਸ਼ੁਰੂ ਵਿਚ ਇਸ਼ਾਰਾ ਕੀਤਾ ਸੀ ਕਿ ਅਸੀਂ ਪ੍ਰਮਿੰਦਰਜੀਤ ਤੇ ਉਨ੍ਹਾਂ ਦੇ ਸਮਕਾਲੀਆਂ ਨੂੰ ਪੜ੍ਹ ਪੜ੍ਹ ਕੇ ਲਿਖਣਾ ਸਿੱਖਿਆ । ਅਸੀਂ ਆਖਿਆ ਕਰਦੇ ਸੀ ਕਿ ਪ੍ਰਮਿੰਦਰਜੀਤ, ਮੋਹਨਜੀਤ, ਪਾਸ਼, ਦੇਵ ਇਹ ਇਕ ਪੀੜ੍ਹੀ ਹੈ, ਜਿਸਨੇ ਸਸ਼ਕਤ ਸ਼ਾਇਰੀ ਨਾਲ ਆਪਣੇ ਤੋਂ ਅਗਲੀ ਪੀੜ੍ਹੀ ਲਈ ਦੀਵਾਰ ਖੜੀ ਕੀਤੀ ਹੋਈ ਹੈ। ਜੇ ਅਸੀਂ ਇਨ੍ਹਾਂ ਤੋਂ ਅੱਗੇ ਜਾਣਾ ਹੈ, ਤਾਂ ਸਾਨੂੰ ਕੋਈ ਵਿਰਲ ਲੱਭ ਕੇ, ਮੋਹਰੀ ਲੱਭ ਕੇ ਉਹਦੇ ਵਿਚੋਂ ਗੁਜ਼ਰਨਾ ਪਵੇਗਾ । 'ਲਿਖਤੁਮ ਪ੍ਰਮਿੰਦਰਜੀਤ' ਦੀ ਨਜ਼ਮ ਮੈਨੂੰ ਅਜੇ ਤੱਕ ਯਾਦ ਹੈ...ਕਿ ਭਰਾ ਦੇ ਖ਼ਤ ਲਈ ਵੀ ਮਾਂ ਦੀ ਸਿਫ਼ਾਰਸ਼ ਪਾਉਣੀ ਪੈਂਦੀ ਹੈ । ਇਹ ਇਕ ਅਹਿਸਾਸ ਸੀ, ਹਰੀ ਕ੍ਰਾਂਤੀ ਵਿਚੋਂ ਪੈਦਾ ਹੋਇਆ ।...ਪ੍ਰਮਿੰਦਰਜੀਤ ਨੇ ਆਪਣੇ ਦੌਰ ਨੂੰ ਹੱਢੀਂ ਹੰਢਾ ਕੇ ਰੀਐਕਟ ਕੀਤਾ ਹੈ । ਇਸ ਲਈ ਇਹ ਠੀਕ ਨਹੀਂ ਕਿ ਉਹ ਖਹਿ ਕੇ ਨਹੀਂ ਲੰਘਿਆ । ਉਹ ਰੀਐਕਸ਼ਨ ਸਹਿਜ ਰੂਪ ਵਿਚ ਹੈ । 'ਬਚਪਨ ਘਰ ਤੇ ਮੈਂ' ਵਿਚ ਇਕ ਬੜੀ ਬਰੀਕ ਟੇਢ ਹੈ । ਉਹ ਇਕ ਪੂਰੇ ਸਿਸਟਮ ਦੀ ਗੱਲ ਹੈ, ਜਿਹਦੇ ਵਿਚ ਇਹ ਸਥਿਤੀ ਬਣੀ ਹੋਈ ਹੈ । ਸ਼ਾਇਰ ਇਕ ਸਿਸਟਮ ਨੂੰ ਪੇਸ਼ ਕਰਦਿਆਂ, ਕੋਹਜ ਤੇ ਦਮਨ ਨੂੰ ਸਾਡੇ ਸਾਹਮਣੇ ਸਪਸ਼ਟ ਕਰਕੇ ਰੱਖ ਦਿੰਦਾ । ਸੁਰਜੀਤ ਜੱਜ ਨੇ ਇਹ ਕਿਹਾ ਕਿ ਇਹ ਸ਼ਾਇਰੀ ਟਿੱਪਣੀ ਬਣਦੀ ਹੈ, ਮੈਂ ਕਹਾਂਗਾ ਕਿ ਇਹ ਏਨੀ ਤਿੱਖੀ ਟਿੱਪਣੀ ਬਣਦੀ ਹੈ ਕਿ ਕਈ ਨਜ਼ਮਾਂ ਪੜ੍ਹਦਿਆਂ ਰੌਂਗਟੇ ਖੜ੍ਹੇ ਹੋ ਜਾਂਦੇ ਨੇ।

No comments:

Post a Comment