Saturday, October 3, 2015

ਪ੍ਰਮਿੰਦਰਜੀਤ +ਅੱਖਰ:- ਡਾ. ਗੁਰਬਚਨ

ਜਮ੍ਹਾਂ ਵਾਲਾ ਪਾਸਾ, ਮਨਫ਼ੀ ਵਾਲਾ ਪਾਸਾ । (ਕਿਸੇ ਵੀ ਜਮ੍ਹਾਂ ਦੀ ਸਤਹ ਨੂੰ ਕੁਰੇਦੋ, ਤਹਿ ਵਿੱਚ ਮਨਫ਼ੀ ਲੁਕੀ ਹੁੰਦੀ ਹੈ । ਕੋਈ ਬਿੰਬ ਇਕ ਨਜ਼ਰੀਏ ਤੋਂ ਪ੍ਰਾਪਤੀ ਹੈ, ਦੂਜੇ ਤੋਂ ਅਪ੍ਰਾਪਤੀ ।)

ਬਾਜ਼ਾਰੀ ਯੁੱਗ ਵਿੱਚ ਕਵਿਤਾ ਨੂੰ ਮੁਖ਼ਾਤਿਬ ਪਰਚਾ ਕੱਢਣਾ ਕਾਫ਼ਰਾਨਾ ਉੱਦਮ ਹੈ । ਪੰਜਾਬੀ ਬੰਦਾ ਗ਼ੈਰ-ਮੰਚੀ ਕਵਿਤਾ ਦੇ ਖ਼ਿਲਾਫ਼ ਹੈ, ਪਿਛਾਂਹਮੁਖ ਹੈ, ਜਦ ਕਿ ਚੰਗੀ ਕਵਿਤਾ ਮੰਚਾਂ ਤੋਂ ਫ਼ਾਸਲੇ 'ਤੇ ਰਹਿਣ ਵਾਲੇ ਲਿਖ ਰਹੇ ਹਨ । 'ਅੱਖਰ' ਚੰਗੇ-ਮੰਦੇ ਹਰ ਤਰ੍ਹਾਂ ਦੇ ਕਵੀ ਨੂੰ ਮੰਚ ਮੁਹੱਈਆ ਕਰਦਾ ਹੈ । ਅਜਿਹਾ ਕਰਨ ਵਿੱਚ ਹੀ ਇਹਦੀ ਰੱਖ ਹੈ, ਪਛਾਣ ਹੈ । ਪਰਚੇ ਨੇ ਕਵਿਤਾ ਦੀ ਖ਼ਾਤਰ ਮਾਹੌਲ ਨੂੰ ਮਘਦਾ ਰੱਖਿਆ ਹੈ।ਅਜਿਹੀ ਸਪੇਸ ਤਿਆਰ ਕਰਨ ਵਾਲੇ ਪਰਚੇ ਕਾਇਮ ਕਿਵੇਂ ਰਹਿਣ ? ਇਹ ਸੁਆਲ ਗਹਿਰੇ ਸੰਕਟ ਦੀ ਉਪਜ ਹੈ । ਪੰਜਾਬ ਵਿੱਚ ਵਾਸਾ ਕਰਦੇ ਬੰਦੇ ਨੂੰ ਵਿਹਾਰੀ ਖੇਹਕਾਰੀ ਤੋਂ ਵਿਹਲ ਨਹੀਂ; ਉਹਦੀ ਸਭਿਆਚਾਰਕਤਾ ਵਿੱਚੋਂ ਸਾਹਿਤ ਖਾਰਜ ਹੋ ਚੁੱਕਾ ਹੈ । ਉਹਦੇ ਲਈ ਸਾਹਿਤ ਰਾਹੀਂ ਤਿਆਰ ਕੀਤੀ ਸਪੇਸ ਦਾ ਕੋਈ ਮੁੱਲ ਨਹੀਂ । ਇਸ ਸਥਿਤੀ ਨੇ ਪੰਜਾਬੀ ਦੀ ਆਰਥਿਕਤਾ ਸਿਫ਼ਰ ਤੱਕ ਪਹੁੰਚਾ ਦਿੱਤੀ ਹੈ । ਇਹਦਾ ਫ਼ਾਇਦਾ ਉਨ੍ਹਾਂ ਨੂੰ ਹੈ ਜੋ ਨੋਟਾਂ ਦੇ ਆਸਰੇ ਲੇਖਕ ਬਣਨਾ ਚਾਹੁੰਦੇ ਹਨ ।ਮੰਡੀ/ਬਾਜ਼ਾਰ ਦੀ ਪ੍ਰਭੂਤਾ ਵਿੱਚ ਲਿਖਣ ਨੂੰ ਕੰਮ ਨਹੀਂ ਸਮਝਿਆ ਜਾਂਦਾ । ਨਾ ਚਿੰਤਨਕਾਰੀ ਨੂੰ ਕੰਮ ਕਿਹਾ ਜਾਂਦਾ ਹੈ । ਲਿਖ ਕੇ ਹੁੱਲਾਸ ਮਿਲਦਾ ਹੈ, ਰੋਟੀ ਨਹੀਂ । ਪ੍ਰਮਿੰਦਰਜੀਤ ਹੋਰ ਲੇਖਕਾਂ ਵਾਂਗ ਵਿਹਾਰੀ ਤਰਜ਼ ਦਾ ਕੰਮ ਨਹੀਂ ਕਰਦਾ ਕਿ ਉਹਦਾ ਜਾਂ ਪਰਚੇ ਦਾ ਰੋਟੀ-ਟੁੱਕ ਚਲ ਸਕੇ ।ਪਰਚਿਆਂ ਨੂੰ ਕਾਇਮ ਰਹਿਣ ਲਈ ਬਦੇਸ਼ਾਂ ਵਿੱਚ ਵਾਸਾ ਕਰਦੇ ਲੇਖਕਾਂ (ਜਾਂ ਗ਼ੈਰ-ਲੇਖਕਾਂ) ਵੱਲ ਦੇਖਣਾ ਪੈਂਦਾ ਹੈ, ਜੋ ਗ਼ੈਰ-ਸੁਭਾਵਿਕ ਸਥਿਤੀ ਹੈ । ਪ੍ਰਮਿੰਦਰਜੀਤ ਨੇ ਅਜਿਹੀ ਗ਼ੈਰ-ਸੁਭਾਵਿਕਤਾ ਨੂੰ ਸਹਿਜਤਾ ਵਿੱਚ ਤਬਦੀਲ ਕਰ ਦਿੱਤਾ ਹੈ; ਇਹਦੇ ਤੇ ਭਾਵੁਕਤਾ ਦੀ ਪਾਣ ਚਾੜ੍ਹ ਦਿੱਤੀ ਹੈ । ਸਹਿਯੋਗੀ ਮਿੱਤਰ ਖੁਸ਼ ਹਨ ਕਿ ਪਰਚੇ ਦੇ ਪੰਨਿਆਂ ਰਾਹੀਂ ਅਹਿਸਾਨ ਚੁੱਕਦਾ ਰਹਿੰਦਾ ਹੈ; ਉਹ ਇਹਨੂੰ ਸੰਪਾਦਕ ਦੀ ਲਾਚਾਰੀ ਨਹੀਂ ਸਮਝਦੇ । ਉਨ੍ਹਾਂ ਨੂੰ ਸ਼ਾਈਲੌਕ ਵਾਂਗ ਸਿੱਕਿਆਂ ਦੇ ਤੁੱਲ ਮਾਸ ਦਾ ਟੁਕੜਾ ਚਾਹੀਦਾ ਹੈ । ਅਜਿਹਾ ਇਕੱਲੇ 'ਅੱਖਰ' ਨਾਲ ਨਹੀਂ ਹੋ ਰਿਹਾ, ਪੰਜਾਬੀ ਵਿੱਚ ਨਿਕਲਦੇ ਕਰੀਬ ਸਭ ਪਰਚੇ ਇਸ ਸੰਕਟ ਦਾ ਸ਼ਿਕਾਰ ਹਨ । ਇਹ ਸਥਿਤੀ ਪੰਜਾਬੀ ਸਾਹਿਤਕਾਰੀ ਦੀ ਦਸ਼ਾ-ਦਿਸ਼ਾ ਦਾ ਸਿਗਨੀਫ਼ਾਇਰ ਬਣ ਚੁੱਕੀ ਹੈ ।

'ਅੱਖਰ' ਨੂੰ ਮਿੱਤਰ ਸਹਿਯੋਗ ਦੇਂਦੇ ਹਨ ਤਾਂ ਅਹਿਸਾਨ 'ਅੱਖਰ' ਦੇ ਪੰਨਿਆਂ ਰਾਹੀਂ ਹੀ ਚੁਕਤਾ ਕੀਤਾ ਜਾ ਸਕਦਾ ਹੈ । ਕਿਸੇ ਸਾਹਿਤਕ ਪਰਚੇ ਨੂੰ ਅਜਿਹੀ ਲਾਚਾਰੀ ਦਾ ਸਾਹਮਣਾ ਕਿਉਂ ਕਰਨਾ ਪਵੇ ? ਇਹਦਾ ਜੁਆਬ ਸਹਿਯੋਗ ਦੇਣ ਵਾਲੇ ਦੇ ਸਕਦੇ ਹਨ ।

ਪ੍ਰਮਿੰਦਰਜੀਤ+'ਅੱਖਰ' ਦੇ ਬਿੰਬ ਦਾ ਨਾਤਾ ਉਹਦੇ ਆਪਣੇ ਨਾਲ ਵੀ ਹੈ । ਉਹਨੇ ਸ਼ਬਦਾਂ ਦੇ ਸੰਗ-ਸਾਥ ਵਿੱਚ ਉਮਰ ਗੁਜ਼ਾਰੀ ਹੈ । ਲੰਮੇ ਸਮੇਂ ਦੀ ਮਿਹਨਤ ਬਾਦ 'ਅੱਖਰ' ਰਾਹੀਂ ਉਹਨੇ ਵੱਖਰੀ ਸਪੇਸ ਦੀ ਬਣਤ ਬਣਾਈ ਹੈ । ਪਰਚਾ ਉਹਦੇ ਲਈ ਆਕਸੀਜਨ ਹੈ, ਉਹਦੀ ਮਹੰਤੀ ਦਾ ਅੱਡਾ ਵੀ ਹੈ । ਇਹ ਗੱਲਾਂ ਪ੍ਰਮਿੰਦਰਜੀਤ ਨੂੰ ਊਰਜਿਤ ਕਰਦੀਆਂ ਹਨ; ਉਹਦੇ 'ਹੋਣ' ਵਿੱਚ ਅਰਥ ਭਰਦੀਆਂ ਹਨ । ਦਿੱਕਤ ਏਥੇ ਇਹ ਹੈ ਕਿ ਉਹਦੇ ਪਾਸ ਸਾਹਿਤਕ ਪਰਚੇ ਦਾ ਮਾਡਲ ਬੜਾ ਪੁਰਾਣਾ ਹੈ; ਇਹ ਬੌਧਿਕ ਜਾਂ ਆਧੁਨਿਕ ਮਾਡਲ ਨਹੀਂ । ਇਸ ਮਾਡਲ ਰਾਹੀਂ ਸਾਹਿਤਕ ਮੁੱਲ ਭੰਗ ਹੁੰਦੇ ਹਨ । ਇਹ ਭਾਵੁਕ ਮਾਡਲ ਹੈ, ਸਮੇਂ

ਦੀ ਗਤੀ ਤੋਂ ਟੁੱਟਾ ਹੋਇਆ ।ਪੰਜਾਬੀ ਸਾਹਿਤ ਰਾਹੀਂ ਸਿਰਜੀ ਸਪੇਸ ਅੱਡਾਮੁੱਖ ਹੋ ਚੁੱਕੀ ਹੈ । ਪਹਿਲਾਂ ਅਜਿਹਾ ਨਹੀਂ ਸੀ ਹੁੰਦਾ ।

ਸਾਹਿਤਕ ਸਪੇਸ ਮਨੁੱਖੀ ਤਸੱਵਰਾਂ ਦਾ ਕ੍ਰਿਸ਼ਮਈ ਵਰਤਾਰਾ ਹੁੰਦਾ ਹੈ। ਜਦ ਇਹਨੂੰ ਦੋਸਤੀਆਂ, ਮੂੰਹ ਮੁਲ੍ਹਾਜ਼ਿਆਂ ਤੇ ਮਸਲਤੀ ਆਦਾਨ ਪ੍ਰਦਾਨ ਦਾ ਜ਼ੱਰੀਆ ਬਣਾਇਆ ਜਾਂਦਾ ਹੈ।

'ਅੱਖਰ' ਰਾਹੀਂ ਜੋ ਸਪੇਸ ਤਿਆਰ ਹੁੰਦੀ ਹੈ, ਉਸ ਵਿੱਚ ਸ਼ਬਦ ਸੰਸਾਰ ਅਤੇ ਨਿੱਜੀ ਰਿਸ਼ਤੇ ਖਲਤ-ਮਲਤ ਹੋ ਜਾਂਦੇ ਹਨ । ਸਾਹਿਤਕਾਰੀ ਦਾ ਇਹ ਮਿਡਲ ਕਲਾਸੀ ਤੇ ਗ਼ੈਰ-ਬੌਧਿਕ ਮਾਡਲ ਹੈ । ਅੱਜ ਜਿਹੜੀ ਮਿਡਲ ਕਲਾਸ ਪੰਜਾਬੀ ਸਾਹਿਤਕਾਰੀ ਦੇ 'ਕੰਮ' ਵਿੱਚ ਮਸਰੂਫ਼ ਹੈ ਉਹਦਾ ਹੁਲੀਆ, ਸੋਚ ਤੇ ਫ਼ਿਤਰਤ ਪੂਰਵ-ਆਧੁਨਿਕ+ਉੱਤਰ-ਆਧੁਨਿਕੀ ਮੁੱਲਾਂ ਦੀ ਅਨੁਸਾਰੀ ਹੈ । ਇਹ ਬੌਧਿਕ ਗਤੀ ਤੋਂ ਬੁਰੀ ਤਰ੍ਹਾਂ ਟੁੱਟੀ ਹੋਈ ਹੈ । ਇਸ ਜਮਾਤ ਨੇ ਵਿਹਾਰੀ ਮੁੱਲਾਂ ਨੂੰ ਸਾਹਿਤਕ ਪਿੜ ਵਿਚ ਘਸੋੜ ਦਿੱਤਾ ਹੈ । ਪੰਜਾਬੀ ਸਾਹਿਤਕਾਰੀ ਦੇ 'ਹੁਣ' ਨੂੰ ਇਹਨੇ ਆਪਣੇ ਜਿਹਾ ਬਣਾ ਦਿੱਤਾ ਹੈ । ਇਹ ਨਿੱਕੀਆਂ ਮਸਲਤਾਂ ਦੀ ਖ਼ਾਤਰ ਵੱਡੇ ਅਡੰਬਰ ਰਚਦੀ ਹੈ । ਫੰਨਟੂਸ਼ਾਂ ਵਾਂਗ ਪ੍ਰਧਾਨਗੀ ਮੰਡਲਾਂ 'ਤੇ ਪ੍ਰਸਥਾਨ ਕਰਨ ਤੇ 'ਘੁੰਡ ਚੁਕਾਈਆਂ' ਕਰਨ ਦੀ ਪਿਰਤ ਉਹਦੀ ਪਛਾਣ ਬਣ ਚੁੱਕੀ ਹੈ ।

ਪ੍ਰਮਿੰਦਰਜੀਤ+'ਅੱਖਰ' ਇਸ ਦ੍ਰਿਸ਼-ਪਟ ਤੋਂ ਕਿੰਨਾ ਕੁ ਦੂਰ ਰਹਿ ਸਕਦੇ ਹਨ ? ਦੂਰ ਰਹਿ ਕੇ ਇਨ੍ਹਾਂ ਨੂੰ ਕੌਣ ਪੁੱਛੇਗਾ ?ਕਿਸੇ ਲੇਖਕ ਦਾ ਸਾਹਿਤਕ ਪਰਚੇ ਦਾ ਸੰਪਾਦਕ ਹੋਣਾ ਚੰਗੀ ਗੱਲ ਹੈ ਪਰ ਇਹਦੇ ਵਿੱਚ ਖ਼ਤਰਾ ਕਿਤੇ ਵੱਧ ਹੈ । ਲੇਖਕ ਪਰਚੇ ਦੇ ਪੰਨਿਆਂ ਨੂੰ ਨਿੱਜ ਦੀ ਬੇਮੁਹਾਰਤਾ ਲਈ ਵਰਤਣ ਲੱਗਦਾ ਹੈ ਤਾਂ ਨੁਕਸਾਨ ਸਾਹਿਤਕਾਰੀ ਤੇ ਉਹਦਾ ਆਪਣਾ ਦੋਨਾਂ ਦਾ ਹੁੰਦਾ ਹੈ । ਉਹ ਆਪਣੀ ਰਚਨਾ ਨਾਲੋਂ ਵੱਡਾ ਹੋਣ ਦਾ ਭਰਮ ਪਾਲਦਾ ਹੈ । ਇਹ ਭਰਮ ਪਰਚੇ ਦੇ ਪੰਨਿਆਂ 'ਤੇ ਸਵਾਰ ਹੋ ਜਾਂਦਾ ਹੈ । ਸਾਹਿਤਕ ਪੱਤਰਕਾਰੀ ਦੇ ਇਸ ਮਾਡਲ ਦਾ ਆਰੰਭਕਾਰ ਗੁਰਬਖ਼ਸ਼ ਸਿੰਘ ਹੈ । ਮਸੀਹੀ ਤਸੱਵਰਾਂ ਦਾ ਸੰਚਾਰ ਕਰਨ ਦੀ ਖ਼ਾਤਰ ਉਹਨੇ 'ਪ੍ਰੀਤ ਲੜੀ' ਸ਼ੁਰੂ ਕੀਤਾ; ਅਪਰੰਪਾਰ ਅਹਿਮੀਅਤ ਵਾਲਾ ਕੰਮ ਵਿੱਢਿਆ; ਦੇਸ/ਕੌਮ ਦੀ ਸੋਚ ਵਿੱਚ ਕ੍ਰਾਂਤੀ ਵਰਗੀ ਤਬਦੀਲੀ ਲਿਆਂਦੀ । ਵਿਰਾਟ ਕਿਸਮ ਦੀ ਜਮ੍ਹਾਂ ਦਾ ਉਹ ਸਿਰਜਕ ਬਣਿਆ । ਵਿਗਾੜ ਪੈਦਾ ਹੋਇਆ ਜਦ ਮਿਡਲ ਕਲਾਸੀ ਮਾਨਸਿਕਤਾ ਅਨੁਸਾਰ ਇਸ ਜਮ੍ਹਾਂ ਨੂੰ ਉਹ ਨਿੱਜ ਦੀ ਕਲਟ ਸਥਾਪਿਤ ਕਰਨ ਲਈ ਵਰਤਣ ਲੱਗਾ । ਨਤੀਜਾ ਉਹਦੇ ਆਪਣੇ ਤੇ 'ਪ੍ਰੀਤ ਲੜੀ' ਦੋਨਾਂ ਲਈ ਮਾੜਾ ਨਿਕਲਿਆ ।

ਏਦਾਂ ਹੀ 'ਨਾਗਮਣੀ' ਨਾਲ ਹੋਇਆ । 'ਨਾਗਮਣੀ' ਨਵੀਆਂ ਕਲਮਾਂ ਲਈ ਮੰਚ ਬਣਿਆ, ਫਿਰ ਅੰਮ੍ਰਿਤਾ ਪ੍ਰੀਤਮ ਦੀ ਹਉਂ ਦਾ ਬੋਲਾਰਾ ਬਣ ਗਿਆ । ਉਹ 'ਨਾਗਮਣੀ' ਦੇ ਪੰਨਿਆਂ ਨੂੰ ਰੋਗ ਵਾਂਗ ਚੰਮੜ ਗਈ । ਪਰਚੇ ਵਿੱਚ ਛਪਣ ਵਾਲੇ ਲੇਖਕ 'ਨਾਗਮਣੀ' ਕਲਚਰ ਦੀ 'ਇਨਫੈਕਸ਼ਨ' ਦਾ ਸ਼ਿਕਾਰ ਹੋਏ, ਤੈਅ-ਸ਼ੁਦਾ ਸ਼ੈਲੀ ਵਿੱਚ ਲਿਖਣ ਲੱਗੇ । ਭਾਵੁਕਤਾ ਦਾ ਫੈਲਾਅ ਹੋਇਆ, ਸਾਹਿਤਕ ਮੁੱਲਾਂ 'ਤੇ ਕਾਟਾ ਫਿਰਨ ਲੱਗਾ ।ਸਾਹਿਤਕ ਪੱਤਰਕਾਰੀ ਦਾ ਇਹ ਮਾਡਲ ਅਜੇ ਤੱਕ ਪੰਜਾਬੀ ਵਿੱਚ ਕਾਇਮ ਹੈ । ਇਹ ਵਿਚਾਰਾਂ ਦੀ ਉੜਾਨ ਤੋਂ ਸੱਖਣਾ ਮਾਡਲ ਹੈ । ਇਹ ਸਤਹੀ ਕਿਸਮਦੀ ਭਾਵੁਕਤਾ ਤੇ ਨਿੱਜੀ ਰਿਸ਼ਤਿਆਂ ਦੀ ਅਲਪਤਾ ਤੋਂ ਪਾਰ ਦੇਖਣ ਦੇ ਸਮਰਥ ਨਹੀਂ । ਇਹ ਲੇਖਕ ਦੀ ਖ਼ੁਦਮੁਖਤਾ ਦਾ ਬੰਦੀ ਹੈ । ਕੁੱਲ ਮਿਲਾ ਕੇ, ਇਹ ਮਾਡਲ ਯੁੱਗ ਦੀ ਗਤੀ ਤੋਂ ਟੁੱਟਾ ਹੋਇਆ ਹੈ । ਅਜਿਹੀ ਸਥਿਤੀ ਵਿੱਚ ਇਕੱਲਾ ਪ੍ਰਮਿੰਦਰਜੀਤ ਕੀ ਕਰ ਸਕਦਾ ਹੈ ? 'ਅੱਖਰ' ਵੀ ਉਹਦੇ ਤੋਂ ਵੱਖਰਾ ਕਿਵੇਂ ਹੋ ਸਕਦਾ ਹੈ ?

No comments:

Post a Comment