Saturday, October 3, 2015

ਪ੍ਰਮਿੰਦਰਜੀਤ : ਝੱਖੜ 'ਚ ਉੱਡਦਾ ਬਾਦਬਾਨ-ਮੋਹਨਜੀਤ

ਅਜੇ ਉਹ ਤੁਰਨ ਲੱਗਾ ਸੀ ਕਿ 'ਅਫਲਾਤੂਨ ਤੋਂ ਲੈਨਿਨ' ਤਕ ਪੜ੍ਹਕੇ ਲੱਕੜ ਦਾ ਸੰਦੂਕ ਪਰ੍ਹੇ ਰੱਖ ਦਿੱਤਾ

ਮੈਟ੍ਰਿਕ ਕੀਤੀ ਤਾਂ ਵਾਨਗਾਗ ਦੇ ਸਾਰੇ ਖ਼ਤ ਉਹਨੂੰ ਜ਼ਬਾਨੀ ਯਾਦ ਸਨ

ਤੇ ਫਿਰ ਇਕ ਆਵਾਜ਼ ਆਈਮੈਟ੍ਰਿਕ ਪਾਸ ਅੰਮ੍ਰਿਤਾ ਯੂਲੀਸਿਜ਼ ਨੂੰ ਕੀ ਜਾਣੇ !

ਉਸ ਦਿਨ ਮੇਰਾ ਜੀਅ ਕੀਤਾ ਵਾਨਗਾਗ ਦੇ ਪਾਠਕ ਨੂੰ ਚੀਕ ਕੇ ਕਹਾਂ :

ਬਾਹਰ ਆ ਕੇ ਸ਼ਮਸ਼ਾਨ ਭੂਮੀਆਂ ਵਿੱਚੋਂ ਜਗਾ


ਗੋਰਕੀ, ਟੈਗੋਰ, ਸ਼ੰਕਰਾਤਾਇਨ ਤੇ ਸ਼ੇਕਸਪੀਅਰ ਹੈ, ਤੇ ਖ਼ਤ ਲਿਖ ਮਹਾਂ ਪੰਡਤ ਦਿਵੇਦੀ ਨੂੰ

ਕਿ ਸਭ ਆਪਣੀਆਂ ਡਿਗਰੀਆਂ ਦੀ ਪਰਦਰਸ਼ਨੀ ਕਰਨ

ਨਹੀਂ ਤਾਂ 'ਮਾਂ' ਰੰਡੀ ਹੋ ਜਾਏਗੀ, 'ਗੀਤਾਂਜਲੀ' ਗੂੰਗੀ, 'ਹੈਮਲਿਟ' ਅੰਨ੍ਹਾ

'ਵੋਲਗਾ ਤੋਂ ਗੰਗਾ ਤਕ' ਵਿਛ ਜਾਏਗਾ ਬਰੂਦ

ਤੇ ਸੁਕੜ ਜਾਏਗਾ ਕਿਸੇ ਮੱਠ ਦੀ ਨੁੱਕਰ ਵਿਚ ਭਾਸ਼ਾ ਦਾ ਇਤਿਹਾਸ

ਗੱਲਾਂ ਤਾਂ ਪਰ ਉਹਦੀ ਛੋਹੀ ਹੈ, ਜਿਹਨੇ ਬਚਪਨ ਵਿੱਚ ਹੀ ਚਿੱਟੇ ਵਾਲਾਂ ਦਾ ਤਿਲਕ ਮੱਥੇ 'ਤੇ ਲਾ ਲਿਆ

ਹਾਂ ਗੱਲ ਤਾਂ ਕਲਾ ਦੇ ਯਾਰ ਡਿਗਰੀ ਤੋਂ ਤੁਰੀ ਸੀ

ਇਕ ਦਿਨ ਮੈਂ ਫਿਰ ਵਾਨਗਾਗ ਦੇ ਪਾਠਕ ਨੂੰ ਕਿਹਾਕੋਈ ਡਿਗਰੀ ਪਾਸ ਕਰ ਲੈ

ਉਹ ਇਕ ਦਮ ਗੰਭੀਰ ਹੋ ਗਿਆ ਤੇ ਗੁਸੈਲ ਨਜ਼ਰਾਂ ਨਾਲ ਤੱਕਦਾ ਬੋਲਿਆ :

ਅਕਾਸ਼ਵਾਣੀ ਜਾਂ ਲਾਲ ਕਿਲ੍ਹੇ 'ਤੇ ਕਵਿਤਾ ਪੜ੍ਹਨ ਲਈ ਅਧਿਕਾਰੀ ਨੂੰ ਹੋਰ ਤਰ੍ਹਾਂ ਵੀ ਖੁਸ਼ ਕੀਤਾ ਜਾ ਸਕਦਾ ਹੈ

ਹੈਨਰਿਕ ਬੋਇਲ ਨੇ ਨੋਬਲ ਇਨਾਮ ਦਾ ਅਜੇ ਸੁਪਨਾ ਵੀ ਨਹੀਂ ਲਿਆ ਸੀ

ਕਿ ਉਹਦੀ ਕਹਾਣੀ ਨੂੰ ਮੈਂ ਆਪਣੀ ਜ਼ਬਾਨ ਦੇ ਵਿਹੜੇ ਵਿੱਚ ਲੈ ਆਇਆ

ਤੇ ਫਿਰ ਮੈਨੂੰ ਪੁਛਿਆ :

'ਜਾਣਾ ਏਂ ਐਜ਼ਰਾਪਾਊਂਡ ਨੇ ਨਾਜ਼ੀਆਂ ਦੇ ਹੱਕ ਵਿੱਚ ਬਿਆਨ ਦਿੱਤਾ ਸੀ ?

'ਰੋਹ ਦੇ ਅੰਗੂਰ' ਮੇਰੀ ਹਿੱਕ ਵਿੱਚ ਉਗੇ ਨੇ ?

'ਮਿਤਰੋ ਮਾਰ ਜਾਣੀ' ਹਰ ਰਾਤ ਮੇਰੇ ਸਿਰਹਾਣੇ ਆ ਬਹਿੰਦੀ ਹੈ ?

ਜਦ ਤੂੰ ਐਮ.ਏ. ਕੀਤੀ ਤਾਂ ਹਾਈ ਵਿੱਚੋਂ ਪ੍ਰਾਇਮਰੀ ਵਿੱਚ ਬਦਲ ਦਿੱਤਾ ਗਿਉਂ ?

'ਸਹਿਕਦਾ ਸ਼ਹਿਰ' ਦਾ ਚੀਰ ਲੁੱਟਿਆ ਭੁੱਲ ਗਿਆ ਏਂ ?

ਜਾਣਦਾ ਏ ?

'ਮੋਹਣ ਰਾਕੇਸ਼ ਆਪਣੀ ਜੇਬ ਵਿਚ ਹਰ ਵਕਤ ਅਸਤੀਫ਼ਾ ਰਖਦਾ ਸੀ'

ਉਸ ਪਲ ਮੇਰਾ ਜੀਅ ਕੀਤਾ

ਆਪਣਾ ਗੋਲਡ (ਅਲਮੀਨੀਅਮ) ਮੈਡਲ ਨਿਊਟਨ ਦੇ ਕੁੱਤੇ ਦੇ ਗਲ ਵਿੱਚ ਪਾ ਦਿਆਂ ਤੇ ਆਖਾਂ :

'ਆਰੀਏ ਦਰਾਵੜਾਂ ਦੇ ਪਰਛਾਵੇਂ ਹੀ ਤਾਂ ਨੇ'

ਸਾਂਵਲਾ ਕ੍ਰਿਸ਼ਨ, ਜ਼ਹਿਰ ਨੂੰ ਡੀਕਦਾ ਸ਼ਿਵ ਤੇ ਪਸ਼ੂਪਤੀ ਨਾਥ

ਇਹੋ ਗੱਲ ਤਾਂ ਦੱਸਦੇ ਨੇ

ਉਹਨੂੰ ਚਿੜਾਉਣ ਲਈ ਪੁੱਛਦਾ ਹਾਂ : ਵਿਸ਼ਵਕਰਮਾ ਨਾਲ ਤੇਰਾ ਕੀ ਰਿਸ਼ਤਾ ਹੈ ?

ਉੱਤਰ ਜਵਾਬੀ ਹਮਲੇ ਵਾਂਗ ਮਿਲਦਾ ਹੈ : ਜੋ ਤੇਰਾ ਨਾਮਦੇਵ ਨਾਲ ਹੈ

ਗੁਲਜ਼ਾਰ ਸੰਧੂ ਦਾ ਵੰਝਲ ਨਾਲ ਤੇ ਗਾਰਗੀ ਦਾ ਹੇਮੂੰ ਨਾਲ

ਉਹ ਹਰ ਗੱਲ ਕਰੇਗਾ ਜਿਸਦਾ ਮੈਂ ਵਿਰੋਧੀ ਹਾਂ

ਸੋਫੇ ਤੇ ਪੱਗ ਰੱਖਣੀ, ਕੁਰਸੀ ਤੇ ਪੈਰ ਤੇ ਗੁਰਗਾਬੀ ਨਾਲ ਜਰਾਬਾਂ ਪਾਉਣਾ

ਐਲੀਅਟ ਨੂੰ ਈਲੀਅਟ ਵੀ ਸ਼ਾਇਦ ਏਸੇ ਲਈ ਕਹਿੰਦਾ ਹੈ

ਕਈ ਵਾਰ ਸੋਚਦਾ ਹਾਂ :

ਉਹਦਾ ਸਵੈਮਾਨ ਕਿਤੇ ਹੰਕਾਰ ਤਾਂ ਨਹੀਂ

ਪਰ ਜਦ ਵੇਖਦਾ ਹਾਂ ਕਿ ਉਹਦੇ ਲਈ

ਪਾਂਡੇ ਦੀ ਬੋਦੀ ਤੇ ਮਹੰਤ ਦੀਆਂ ਜੜਾਵਾਂ ਵਿੱਚ ਕੋਈ ਅੰਤਰ ਨਹੀਂ

ਤਾਂ ਜਾਪਦਾ ਹੈ ਮੌਨਸੂਨ ਨੇ ਏਸੇ ਦਿਸ਼ਾ ਵਿੱਚ ਚਲਣਾ ਹੈ

ਯੁੱਧ ਹੋਵੇ ਜਾਂ ਅਮਨ

ਵਕਤ ਉਹ ਆਪਣੀ ਘੜੀ ਤੋਂ ਹੀ ਵੇਖਦਾ ਹੈ

ਨਾ ਕ੍ਰਿਸ਼ਨ ਦਾ ਗੁਲਾਮ ਨਾ ਅਸ਼ੋਕ ਦਾ

ਸ਼ਾਇਦ ਏਸੇ ਲਈ ਉਹਦੇ ਬਣਵਾਸ ਦੀ ਉਮਰ ਵਧਦੀ ਜਾਂਦੀ ਹੈ

ਉਹਨੂੰ ਕੋਈ ਚਿੰਤਾ ਨਹੀਂ ਕਿ ਸੇਮ ਉਹਦੇ ਵਿਹੜੇ ਨੂੰ ਨਿਗਲ ਜਾਏਗੀ

ਜਿਹੜਾ ਵੀ ਸਫ਼ੈਦਾ ਉਹਦੇ ਕੱਦ ਦੀ ਤੌਹੀਨ ਕਰਦਾ ਹੈ

ਉਹਦੇ ਲਈ ਥੋਹਰ ਹੈ ਜਾਂ ਪੋਹਲਦੀ ਦਾ ਫੈਲਾਅ

ਜੇ ਅਜੇ ਵੀ ਕੇਵਲ ਡਿਗਰੀ ਹੀ ਵਿਦਵਤਾ ਦੀ ਗੁਆਹੀ ਹੈ

ਤਾਂ ਉਹ ਕਹੇਗਾ :

ਆਓ ਤਾਜਮਹੱਲ ਦੇ ਸੰਗਮਰਮਰ ਨੂੰ ਕਲੀ ਕਰੀਏ

ਤੇ ਹਰ ਰਚਨਾ ਨੂੰ ਹਦਾਇਤ ਨਾਮੇ ਦੇ ਰਮਾਲੇ ਵਿੱਚ ਧਰੀਏ

No comments:

Post a Comment