Saturday, October 31, 2015

ਕਵਿਤਾ ਰਚਨਾ ਇਕ ਕੁਦਰਤੀ ਪ੍ਰਕ੍ਰਿਰਿਆ ਹੈ: ਸਤਨਾਮ ਔਲ਼ਖ


ਕਿਸੇ ਕਲਾਕਾਰ, ਲੇਖਕ ਜਾਂ ਰਚਨਾਕਾਰ ਵੱਲੋਂ ਕੁਝ ਰਚਣ ਤੋਂ ਪਹਿਲਾਂ ਅਚੇਤ ਮਨ ਵਿਚੋਂ ਸਾਕਾਰਾਤਿਮਿਕ ਤੇ ਆਨੰਦਿਤ ਵਿਚਾਰ ਉਪਜਣੇ ਬਹੁਤ ਜਰੂਰੀ ਹਨ। ਪਰ ਕਈ ਵਾਰ ਵਿਚਾਰਾਂ ਦੀ ਉਪਜ ਇਨਸਾਨ ਦੇ ਵੱਸ ਨਹੀਂ ਹੁੰਦੀ। ਇਹ ਕੁਦਰਤੀ ਪ੍ਰਕ੍ਰਿਰਿਆ ਹੈ। ਮੈਂ ੧੯੭੮-੭੯ ਤੋਂ ਹੀ ਕਵਿਤਾਵਾਂ ਬਾਲ ਸਭਾ ਵਾਸਤੇ ਲਿਖਣੀਆ ਸ਼ੁਰੂ ਕਰ ਦਿੱਤੀਆਂ। ਅਤੇ ਇਹ ਸਫਰ ਕਾਲਜ ਵਿਚ ਵੀ ਜਾਰੀ ਰਿਹਾ।ਭਾਈ ਸਹਿਬ ਭਾਈ ਵੀਰ ਸਿੰਘ, ਬਾਵਾ ਬਲਵੰਤ, ਅੰਮ੍ਰਿਤਾ ਪ੍ਰੀਤਮ, ਪ੍ਰੋ. ਮੋਹਨ ਸਿੰਘ, ਰਬਿੰਦਰ ਨਾਥ ਟੈਗੋਰ ਅਤੇ ਖਾਸ ਕਰ ਸ਼ਿਵ ਕੁਮਾਰ ਬਟਾਲਵੀ ਨੂੰ ਬਹੁਤ ਪੜ੍ਹਿਆ।

ਸਾਡੇ ਪਰਿਵਾਰਿਕ ਮਾਹੌਲ ਸਾਹਿਤਕ ਨਹੀ ਸੀ। ਘਰ ਦੇ ਪੇਂਡੂ ਮਾਹੌਲ ਵਿਚ ਕਵਿਤਾ ਜਾਂ ਸਾਹਿਤ ਨਾਲ਼ ਜੁੜਨਾ ਇਕ ਨਾਕਾਰਾਤਿਮਕ ਸੋਚ ਮੰਨਿਆ ਜਾਂਦਾ ਸੀ ਕਿਉਂਕਿ ਇਸ ਨਾਲ 'ਮਾਲ-ਖੇਤੀ' ਦੇ ਕੰਮ ਵੱਲੋਂ ਧਿਆਨ ਹੱਟਦਾ ਸੀ। ਕਾਲਜ ਪੜ੍ਹਦੇ ਸਮੇਂ (1984-85) ਦੌਰਾਨ ਮੈਂ ਲਗਾਤਾਰ ਗੀਤ/ਕਵਿਤਾਵਾਂ ਲਿਖਦਾ ਰਿਹਾ। ਮੇਰੇ ਅਨੇਕ ਗੀਤ ਰਿਕਾਰਡ ਵੀ ਹੋਏ ਪਰ ਕੰਪਨੀਆਂ ਨੇ ਹੋਰਾਂ ਦੇ ਨਾਮ ਤੇ ਰਿਕਾਰਡ ਕਰ ਲਏ। ਆਪਣੇ ਗੀਤ ਹੋਰਾਂ ਦੇ ਨਾਮ 'ਤੇ ਵੱਜਦੇ ਸੁਣੇ ਤਾਂ ਮੈਨੂੰ ਇਸਦਾ ਏਨਾ ਦੁੱਖ ਹੋਇਆ ਕਿ ਮੈਂ ਆਪਣੀ ਲਿਖੀਆਂ ਬਹੁਤੀਆਂ ਰਚਨਾਵਾਂ ਸਾੜ ਦਿੱਤੀ। ਉਹਨਾਂ ਦਿਨਾਂ ਦੌਰਾਨ ਲਿਖਿਆ ਜੋ ਕੁਝ ਬਚ ਗਿਆ ਉਹ ਦੋਸਤਾਂ ਦੀ ਪ੍ਰੇਰਨਾ ਸਦਕਾ ਪਾਠਕਾਂ ਦੇ ਸਨਮੁੱਖ 'ਮੇਰੇ ਪ੍ਰੀਤਮ ਜੀਓ' ਦੇ ਰੂਪ ਵਿਚ ਛਪ ਕੇ ਆ ਗਿਆ। ਇਹ ਮੇਰੀਆਂ ਸਾਰੀਆਂ ਕਵਿਤਾਵਾਂ 30-31 ਸਾਲ ਪਹਿਲਾਂ ਦੀਆਂ ਲਿਖੀਆਂ ਹੋਈਆਂ ਹਨ। ਦੋਸਤਾਂ/ਪਾਠਕਾਂ ਦੇ ਨਿੱਘੇ ਹੁੰਗਾਰੇ ਮਿਲ਼ੇ ਹਨ। ਇਹ ਪਾਠਕ ਜਾਣਦੇ ਹਨ ਕਿ ਕੁਦਰਤ ਦੇ ਹੁਲਾਸਮਈ ਰੂਪ ਨੂੰ
ਪੇਸ਼ ਕਰਨ ਵਿਚ ਕਿੰਨਾ ਕੁ ਕਾਮਯਾਬ ਹੋਇਆ ਹਾਂ?

ਅੱਜ ਦੁਬਾਰਾ ਲਿਖਣ ਲੱਗਾ ਹਾਂ ਤਾਂ ਯੋਗਦਾਨ ਮੇਰੀ ਪਤਨੀ ਅਤੇ ਬੱਚਿਆਂ ਦਾ ਹੈ ਜੋ ਲਗਾਤਾਰ ਮੈਨੂੰ ਲਿਖਣ ਅਤੇ ਕਵੀ ਦਰਬਾਰਾਂ ਵਿਚ ਜਾਣ ਵਾਸਤੇ ਪ੍ਰੇਰਿਤ ਕਰਦੇ ਰਹੇ।

ਮੈਂ 'ਕਿਉਂ" ਅਤੇ 'ਕਿਵੇਂ' ਲਿਖਦਾ ਹਾਂ ਇਸਦਾ ਉੱਤਰ ਲੱਭਣਾ ਮੇਰੇ ਲਈ ਬਹੁਤ ਮੁਸ਼ਕਲ ਹੈ। ਹੈਰਾਨੀ ਖ਼ੁਦ ਨੂੰ ਵੀ ਹੁੰਦੀ ਹੈ ਜਦੋਂ ਕਦੀ-ਕਦੀ ਤਾਂ ਇਕ ਦਿਨ ਵਿਚ ਚਾਰ ਰਚਨਾਵਾਂ ਲਿਖੀਆਂ ਗਈਆਂ ਅਤੇ ਕਦੀ ਸਾਲ ਵਿਚ ਚਾਰ।ਇਸ ਪ੍ਰਕ੍ਰਿਰਿਆ ਤੋਂ ਮੈਂ ਇਹੀ ਸਿੱਖਿਆ ਹੈ ਕਿ ਲੇਖਕ ਹੋਣਾ ਇਕ ਕੁਦਰਤੀ ਗੁਣ ਹੈ। ਗ਼ਜ਼ਲ ਦੀ ਪੂਰੀ ਤਕਨੀਕੀ ਸਮਝ ਤਾਂ ਮੇਰੇ ਵਿਚ ਨਹੀ ਪਰ ਅਜਕਲ ਜੋ ਖਿਆਲ ਉਪਜ ਰਹੇ ਹਨ ਉਹਨਾਂ ਤੋਂ ਆਪ-ਮੁਹਾਰੇ ਗ਼ਜ਼ਲ ਬਣ ਰਹੀ ਹੈ।ਮੈਨੂੰ ਆਪਣੀਆਂ ਸਾਹਿਤਕ ਦੋਸਤੀਆਂ 'ਤੇ ਮਾਣ ਹੈ। ਇਹ ਮੇਰਾ ਹਾਸਿਲ ਹੈ। ਮੇਰਾ ਰੋਮ-ਰੋਮ ਇਹਨਾਂ ਦਾ ਧੰਨਵਾਦੀ ਹੈ। ਫਿਰ ਵੀ ਮੈਂ ਇਹ ਮਹਿਸੂਸ ਕਰਦਾ ਹਾਂ ਕਿ ਮੈਂ ਅਜੇ ਕਵਿਤਾ ਦਾ ਵਿਦਿਆਰਥੀ ਹਾਂ


ਮੇਰੇ ਪ੍ਰੀਤਮ ਜੀ

ਮੇਰੇ ਸੱਜਣ ਸੁਹੇਲੇ ਪ੍ਰੀਤਮ ਜੀ।
ਰੂਹ ਤਾਰ ਥਰਕੇਂਦੀ ਪ੍ਰੀਤਮ ਜੀ।
ਅੱਖ ਨੂਰ ਕਰੇਂਦੀ ਪ੍ਰੀਤਮ ਜੀ।
ਦਿਲ ਪੀੜ੍ਹ ਕਰੇਂਦੀ ਪ੍ਰੀਤਮ ਜੀ।

ਕਦੇ ਆਸ ਦੇ ਪੱਲੇ ਪਲਮਦੀ ਹਾਂ।
ਫਿਰ ਬਿਰਤੀ ਅਟਕੇਂਦੀ ਪ੍ਰੀਤਮ ਜੀ।
ਕਦੇ ਕਦਮ ਲੋਚਦੇ ਤੇਰੇ ਪੰਧਾਂ ਨੂੰ।
ਤਦ ਸੋਚ ਜਾਗਦੀ ਪੰਡਾਂ ਨੂੰ।

ਕਦੇ ਉਠਦੀ ਹਰਕਤ ਕਰਦੀ ਹਾਂ।
ਫਿਰ ਮਗਜਦੀ ਥੱਕ ਬਹਿ ਜਾਂਦੀ ਹਾਂ।

ਇਸ ਸੁੰਨ ਹਨੇਰੀ ਦੇਹੀ ਵਿਚ।
ਕਦੇ ਰੂਹ ਦਾ ਕੰਡਾਂ ਟੋਂਹਦੀ ਹਾਂ।

ਹੱਥ ਦੁਨਿਆਦਾਰੀ ਕੰਬ ਜਾਂਦਾ।
ਅੱਧ ਭੁੱਖੇ ਸੁੱਤੇ ਬੱਚਿਆਂ ਨੂੰ ਫਿਰ,
ਕੁੱਖੇ ਕੱਸ ਕੇ ਸੌਂ ਜਾਂਦੀਂ ਹਾਂ।
ਤੈਨੂੰ ਚਾਂਹਦੀ ਹਾਂ ਤੁਰ ਪੈਂਦੀ ਹਾਂ।
ਖ਼ੌਰੇ ਕਿਉਂ ਫਿਰ ਮੁੜ ਜਾਂਦੀ ਹਾਂ।
ਮੇਰੇ ਸੱਜਣ ਸੁਹੇਲੇ…


ਫੁੱਲਸੁਬ੍ਹਾ ਰਾਗਣੀਂ, ਰਾਤ ਨਾਗਨੀਂ
ਹੋਂਦ ਵਸੇਂਦੇ ਪ੍ਰੀਤਮ।
ਰਿਸ਼ਮ-ਰਿਸ਼ਮ ਤਕ ਕਾਇਆ ਹਿੱਲੇ
ਪੱਤੇ ਠੇਂਦੇ ਪ੍ਰੀਤਮ।

ਸੂਰ ਕਿਰਨ ਵੱਲ ਲਪਕ ਚਾਂਹਦੇਂ
ਪਲ ਪਲ ਜਾਣ ਵਧੇਂਦੇ।
ਮੈਂ ਆਈ ਲੈ ਟੋਕਰੀ, ਕਿਆਰੀ
ਸੌਂ ਗਏ, ਛਾਇਆ ਮਾਤਮ।


ਕੁਦਰਤ
ਦਿਸ਼ਾ ਪੂਰਬੋਨ ਰਿਹਾ ਦਿਖਾe,ਿ
ਨਿੰਮੀ ਪੌਣ ਸੰਗ ਬੱਦਲਵਾਈ।
ਸੋਹਣੇ ਸੂਰ ਮੋਰੇ, ਛੁਪਕੇ ਬੱਦਲੀਂ
ਕਦੀ-ਕਦੀ ਮੋਹੇ ਦਰਸ਼ ਦਿਖਾਈ।

ਤਿਤਲੀ, ਫੁੱਲੀਂ ਕਰਦੇ ਝੇਡਾਂ,
ਮੈਂ ਤੱਕਾਂ ਛੁਪ ਸ਼ਰਮ 'ਚ ਜਾਈਂ।
ਕਇਲ, ਚਿੜੀਆਂ, ਤਿੱਤਰ ਗਾਵਨ,
ਪਰ ਅਜੇ ਮੋਹੇ ਸਮਝ ਨਾ ਆਈ।

ਪੱਤੀਂ ਪਲਮੀਂ ਤਾਰ ਕੇ ਵਾਂਕਣ,
ਡੋਲੇ ਸਾਜਨ ਬਿਨ ਮਨ ਸ਼ੁਦਾਈ।
ਸੋਚਾਂ ਕਿਉਂ ਨਹੀ ਦਰਸ਼ ਦਿਖਾਂਦੇ,
ਪਰ ਮਗਜ਼ ਨਾ ਸਕੀ ਫੁੱਲਾਂ ਤਾਈਂ।


ਲੁਕਣਮੀਟੀ
ਬਾਲੜੀ ਉਮਰੇ ਸੰਗ ਸਹੇਲੀਆਂ,
ਲੁਕਣਮੀਟੀ ਸਾਂ ਖੇਡਦੀ ਪਈ ਮੈਂ।
ਲੁਕ-ਲੁਕ ਜਾਈਏ ਲੱਭ ਵੀ ਸਕੀਏ,
ਨਹੀਂ ਸੀ ਲੱਗਦੀ ਔਖੀ ਖੇਡ।
ਜਾਤਾ-ਪਛਾਤਾ ਜਿਹਾ ਕੋਈ ਰਾਜਨ,
ਸੰਗ ਸਾਡੇ ਪਿਆ ਖੇਡੇ।

ਮੀਟੀ ਸੀ ਉਸ ਪਲ ਰਾਜਨ ਕੀ,
ਢੂੰਡ ਲੈਂਦਾ ਸੀ ਪਲੋ ਪਲ ਛੇਤੀ ਛੇਤੀ।
ਵਾਰ ਇਕ, ਮੋਹੁ ਰਾਜਨ ਨੇ ਲੱਭਿਆ,
ਮੀਟੀ ਸਿਰ ਮੋਹੇ ਤਦ ਆਈ।
ਤਦੋਂ ਦੀ ਢੁੰਡਦੀ ਫਿਰਦੀ,
ਜੰਗਲ,ਪਰਬਤ,ਸਾਗਰ ਟੋਲੇ,
ਪਰ!ਮੋਹੇ ਕਿਸੇ ਦੱਸ ਨਾ ਪਾਈ।

ਢੂੰਡੜੀ ,ਟੇਡੜੀ, ਹਾਰ ਬੈਠੜੀ,
ਚੱਲ ਨਾ ਸਕਾਂ ਪਗ ਇਕਾਈ।
ਨੈਣ ਮੋਰੇ ਭੀ ਧੁੰਦਲੇ
ਚਾਲ ਮੋਰੀ ਬੀ ਡਗਮਗਾਈ
ਹਾਰ ਗੀ ਮੀਟੀ ਮੈਂ ਹੁਣ ਪ੍ਰਭ ਜੀ
ਆ ਜਾਓ ਆਪੇ ਦੇਆਂ ਦੁਹਾਈ।

ਨਿਕਲ ਆਵੋ ਪ੍ਰਭ ਕੈਂ ਛੁਪੇ ਜੋ
ਮੀਟੀ ਦਾ ਮੋਹੇ ਹੱਠ ਨਾ ਕਾਈ।
ਪ੍ਰੀਤਮ ਪ੍ਰੀਤਮ ਰਿਤਣ ਵਿਲਕਾਂ
ਆਵੋ ਪ੍ਰਭ ਕਰ ਰਥ ਸੰਗ ਧਾਈ।
ਲੈ ਜਾਓ ਇਕ ਵਾਰ ਮੋਹੇ ਸੰਗ
ਕਦੇ ਨਾ ਖੇਡਾਂ ਲੁਕਣ ਮਚਾਈ।
ਚਟਕੀ ਰਹਾਂ ਫਿਰ ਧੂੜੀ ਚਰਨਾਂ
ਆਵਾਂ ਨਾ ਫਿਰ ਜੂਨ ਹੰਡਾਈ।

ਚਰਵਾਹੀ
ਚਰਵਾਹੀ ਆਡ ਕੰਢੇ ਮੈਂ ਥੋਡੇ ਪ੍ਰਭ ਗੀਤ ਗਾਵਾਂ,
ਗਾ-ਮਾ-ਪਾ- ਨਾਂ ਸਾਰ ਨਿਰਗੁਣ, ਤੋਹੇ ਬੇਸੁਰੀ ਪ੍ਰਚਾਵਾਂ।
ਕੈਂ ਲੀਨ 'ਤੈਂ' "ਮੈਂ" ਸੰਗ ਬਾਵਲੇ,
ਤਾਲ ਨਾ ਪਾਇਲ, ਗੰਦਲਾ ਰੂਪ।
ਪਾਣੀ-ਪਾਣੀ ਅੰਦਰ ਮੋਰਾ, ਮੂਕ ਨੈਣ ਸੰਗ ਲਿਪਟੀ ਜਾਵੋ।
ਤੋਰੀ ਰੇਸ਼ਮੀ ਕੁੜਤੀ,ਛੋਹ ਨਾਲ਼ ਮੋਹੇ ਲਿਸ਼ਕਾਤਾ।
ਮੈਂ ਪ੍ਰੀਤਮ ਪ੍ਰੇਮ ਭਰੋਸੇ, ਤਨ ਸੰਗ ਚਿਪਕੀ,
ਜੱਫਾ ਨਾ ਲੱਗਾ ਚੁਫੇਰਾ, ਸੋਚਾਂ ਕਿ ਪ੍ਰਭ ਏਨੇ ਵੱਡੇ।
ਨੈਣ ਜੋ ਖੋਲ੍ਹੇ ਖੜ-ਖੜ ਪੱਤਿਆਂ,
ਤੱਕਿਆ ਤਾਂ ਥੋਡਾ ਪੇੜ 'ਚ ਵਾਸਾ।
ਤੈਂ ਕਿੱਡੇ ਹੋ ਪ੍ਰਭ ਜੀ ਪ੍ਰੀਤਮ,
ਕਰਦੇ ਹੋ ਮੋਹੇ ਸੰਗ ਵਾਸਾ,
ਫੇਰ ਵੀ ਮੋਰਾ ਮਨ ਪਿਆਸਾ।


ਗਵੱਈਆ
ਹੇਕ ਗਵੱਈਆ ਤ੍ਰਿਖੀ ਲਾ,
ਪ੍ਰੀਤਮ ਬਿਰਹਾ ਛੰਦ ਸੁਣਾ।
ਹੱਥ ਰੱਖ ਕਮਨ ਉੱਚੀ ਗਾ,
ਉੱਚੇ ਦੇ ਦਰ ਸੱਦ ਪੁਚਾ।

ਸੁੱਚ ਸੁਚੱਜੜੀ ਤੂੰਬ ਟਣਕਾ,
ਸੁੱਚੇ ਦੀ ਕੁਈ ਤਾਰ ਹਿਲਾ।
ਟਪਕੇ ਹੰਝੂ ਫੁੱਲੀਂ ਘਾਹ,
ਖਾਰ ਜੂ ਨਯਨੋਂ ਤੱਜ ਕਰਾ।

ਪ੍ਰਭ ਨੈਣ ਤੱਕ, ਸੱਦ ਸੁਣੇਂਦਿਆਂ
ਆਣ ਖਾਰੀ ਸੱਚ ਪਹੁੰਚੇਂਦਿਆਂ।
ਕਰਾਂ ਦਾਨ ਐ ਮਨ ਤੋਲ ਵੇ,
ਜੇ ਕਿਤੇ ਜਾ ਜਾਵੇਂ ਸਾਈਂ ਕੋਲ ਵੇ।


ਸਖੀਆਂ

ਪਹਿਲੀ ਸਖੀ:
ਕਿਰਨ ਸੁਆਮੀ ਸੋਮਨ ਪੂਰਬ
ਰਤੜੀ ਚੰਦਾ ਸੌਂ ਗੇ ਸਾਰੇ।
ਤੈਂ ਕਿ ਨੇ ਉਹ ਮੇਰੇ ਪ੍ਰੀਤਮ,
ਪ੍ਰਭ ਜੀ ਮੋਹੇ ਸਮਝ ਨਾ ਆਵੇ।
ਕਲੀ, ਚੰਬੇਲੀ ਬਘੀਆ ਖ਼ੁਸ਼ਬੋ
ਤੋਰੀ ਆਰਤੀ ਪਵਨ ਉਤਾਰੀ।
ਚਾਰੋਂ ਮਿੱਠਾ ਚੀਕ ਦਿਹਾੜਾ
ਗਦ ਗਦ ਮਨਵਾ ਫੁੱਲ ਫੁੱਲ ਜਾਵੇ।
ਸਈਉ ਨੀ ਮੋਰੇ ਪ੍ਰੀਤਮ ਢਾਕੇ
ਜੇ ਗਾਵਾਂ ਮੋਹੇ ਕੁਝ ਨਾ ਸੁੱਝੇ।
ਤੱਕੀਂ ਜਰਾ ਨੀ ਮੁੱਖਵਾ ਏ ਪ੍ਰੀਤਮ,
ਗਲ-ਗਲ ਮੋਹੇ ਲਾਜ ਪਈ ਆਵੇ।

ਦੂਜੀ ਸਖੀ:
ਦੇਖ ਲੈ ਸਈਏ ਲੱਜੀਂ ਮਰੀਏ,
ਮੇਘੀਂ ਛੁਪ ਗਏ ਤੋਰੇ ਪ੍ਰੀਤਮ।
ਕਹਿੰਦੇ ਮੈਂ ਮੂਹਰਿਉਂ ਤੱਕ ਨਾ ਸਕਦਾ,
ਤੱਕ ਲਾਂ ਗਾ ਕਦੇ-ਕਦੇ ਪਾਟੇ ਬੱਦਲੀਂ।

ਪਹਿਲੀ ਸਖੀ ਆਪਣੇ ਆਪ ਨੂੰ:
ਪ੍ਰਭ ਜੀ ਕੈਸੇ ਅਜਬ ਅਨੋਖੇ,
ਪ੍ਰੀਤਮ ਥੋਡੇ ਅਰਬੀਂ ਰੂਪ।
ਚੰਦਾ,ਸੂਰ, ਰਾਤ, ਦਿਨੀਂ,ਗੁਲ,
ਕਹਾਂ-ਕਹਾਂ ਜੋ ਤੈਂ ਛੁਪੇ।
ਅੱਠੇ ਪਹਿਰ ਮੈਂ ਦਰਸ਼ਨ ਆਨੰਦ ਮਾਣਾਂ,
ਫਿਰ ਵੀ ਥੋਡੇ ਗੀਤ ਬਿਰਹਾਵਾਂ।
ਮੋਰੇ ਪ੍ਰੀਤਮ, ਸੁਆਮੀਂ ਪ੍ਰਭ ਜੀ,
ਅਣਥੱਕ ਥੋਨੂੰ ਕੂਕ ਪੁਕਾਰ।
ਕਿਤਨੇ ਰੂਪ ਨਿੱਤ ਪੂਜਾ ਥੋਡੇ,
ਕਿਉਂ ਫਿਰ ਵੀ ਮੋਹੇ ਸਬਰ ਨਾ ਆਵੇ?



ਮੀਰਾਬਾਈ
ਤੈਂ ਕ੍ਰਿਸ਼ਨੈਂ ਮੈਂ ਮੀਰਾਬਾਈ।
ਕ੍ਰਿਸ਼ਨੈਂ ਬੰਸੀ ਗੀਤ ਗੁਣ ਗਾਵੋ।
ਬਿਨ ਪਾਇਲ ਮੋਰੀ ਕਾਇਆ ਛਣਕੇ,
ਵਿਚਲੇ ਮਨ ਮੋਰੇ ਕੁਝ ਗਾਵੋ।

ਸਾਵਣ ਮੋਰੇ ਨੈਣੀਂ ਛਲਕੇ,
ਗਾ-ਗਾ ਤੈਂ ਗਟ ਕਰ ਜਾਵੋ ਜੀ।
ਸੀਤਲ ਮਨਵਾ ਲਟ-ਲਟ ਡੋਲੇ,
ਬੰਸੀ ਸੰਗ ਆਨੰਦਮਾਵੋ ਜੀ।
ਗੌਂ ਤੇਰੀ ਹਾਏ ਮੈਂ ਬਣ ਜਾਂ,
ਬੰਸੀ ਗੀਤ ਝੁਮਾਂ ਨਾ ਚੁਗਾਂ।
ਮੋਰੇ ਕ੍ਰਿਸ਼ਨਾ ਤੱਕ ਜਾ ਤੱਕਣੀ,
ਤੋਰੀ ਮੀਰਾ ਮਰਜ ਨਾ ਕਾਈ।


ਮੇਲਾ
ਇਤਨਾ ਬੜਾ ਗਗਨ ਪੇ ਮੇਲਾ,
ਮੋਰਾ ਸੁਆਮੀ ਨਜ਼ਰ ਨਾ ਆਵੇ।
ਛਮ-ਛਮ ਬਾਦਲ, ਝਿਲਮਿਲ ਤਾਰੇ,
ਨਾ ਰਥੈਲ, ਧੂੜ ਨਜ਼ਰ ਨਾ ਅਵੇ।
ਆਗਨ ਸੁਮਨਮਣੀ ਤਕੈਂਦਾ,
ਤੁਲਸੀ ਝੁੱਲ-ਝੁੱਲ ਪੱਤਰ ਕੇਰੇ
ਕਹਾਂ ਤੈਂ ਮੋਰੇ ਪ੍ਰਭ ਅਨੂਪ ਸਰੂਪੀ,
ਨੈਣਵਾ ਤੱਕ ਯੁਕਤ ਨਾ ਪਾਵੇ।

ਉਹ ਮਲਿਕ

ਉਹ ਮਾਲਿਕ ਇੰਝ ਵੀ ਆਉਂਦਾ ਹੈ:
ਪਤਝੜ ਵਿਚ ਮੈਲਾਂ ਲਾਹੁੰਦਾ ਹੈ।
ਸ਼ਬਨਮ ਦੇ ਨਾਲ਼ ਨਹਾਂਉਂਦਾ ਹੈ।
ਰੁੱਤਾਂ ਦੇ ਕੱਜਲ਼ ਪਾਉਂਦਾ ਹੈ।
ਚੇਤਰ ਵਿਚ ਇਤਰ ਲਗਾਉਂਦਾ ਹੈ।

ਉਹ ਪ੍ਰੀਤਮ ਇੰਝ ਵੀ ਗਾਉਂਦਾ ਹੈ:
ਪੱਤੀਆਂ ਦੇ ਸਾਜ ਵਜਾਉਂਦਾ ਹੈ।
ਹਨੇਰੀ ਦੀ ਬੀਨ ਸੁਣਾਉਂਦਾ ਹੈ।
ਗੜਿਆਂ ਦੇ ਢੋਲ਼ ਵਜਾਉਂਦਾ ਹੈ।
ਝਰਨੇ ਦੀ ਤਰਜ਼ ਲਗਾਉਂਦਾ ਹੈ।
ਮੀਂਹਾਂ ਦੇ ਭੰਗੜੇ ਪਾਉਂਦਾ ਹੈ।


ਮੇਰੀ ਮੈਂ

ਝੱਖੜੀਂ ਝੰਭੀਂ ਆਏ ਸਾਈਂ,
ਕੱਖੜੀ ਵਿਚ ਪਧਾਰੇ ਆਣ।
ਰਾਤ ਵੱਡੜੀ ਨਿੱਕੀ ਹੋ ਗਈ,
ਪਲ-ਪਲ ਜੱਫੇ ਗਿਆ ਪਰੁੱਚ।

ਦੂਰ ਦੂਰ ਪਰ ਕੋਲ ਕੋਲ,
ਮਾਨੋਂ ਸਾਹੋ ਕੋਲ ਕੋਲ।
ਨੈਣੀਂ ਨੂਰੋਂ ਕਲੋਲ ਚੋਲ੍ਹ।
ਮੁੱਖੋਂ ਬੋਲੜੇ ਅਬੋਲ ਬੋਲ।

ਰਾਤ 'ਮੇਰੀ ਮੈਂ' ਰਹੇ ਢੂੰਡਦੇ,
ਸੁੱਟੀ ਢੂੰਡ ਦਲੀ੍ਹਜੋਂ ਵੱਖ।
ਪਰਤ ਆਏ ਫਿਰ ਤਨੋਂ ਵੀ ਨੇੜੇ
ਪਾਸ ਪਾਸ ਬਹੁਤੇ ਤਨ ਮਨ ਪਾਸ।
ਲੱਗਦਿਆਂ ਫਲ ਦਿਲ ਦੀ ਆਸ਼ਾ,
'ਮੈਂ' ਬਿਨ ਮਨਵਾ ਆਇਆ ਰਾਸ।
ਥੋਡੀ ਦਾਸ ਸਦਾ ਥੋਡੀ ਦਾਸ।
ਮਾਲਿਕ ਬਿਨ, ਕਿਸੇ ਨਾ ਕਾਸ।

No comments:

Post a Comment