Saturday, October 3, 2015

ਭਾਅ ਪ੍ਰਮਿੰਦਰਜੀਤ ਵੀ ਤੁਰ ਗਿਆ-ਜਗਜੀਤ ਗਿੱਲ

ਤੜਕੇ ਦੇ ਛੇ ਵਜੇ ਫ਼ੋਨ ਖੜਕਿਆ ਤਾਂ ਵਿਸ਼ਾਲ ਦੀ ਆਵਾਜ਼ ਆਈ-"ਪਰਮਿੰਦਰਜੀਤ ਭਾਅ ਵੀ ਤੁਰ ਗਿਆ…"ਗੱਲ ਨੂੰ ਇੰਨੇ ਸਪੱਸ਼ਟ ਤਰੀਕੇ ਨਾਲ ਬੋਲਣ ਦੇ ਬਾਵਜੂਦ ਵੀ ਮੈਂ ਉਸਨੂੰ ਦੁਹਰਾਉਣ ਲਈ ਕਿਹਾ ਕਿ ਸ਼ਾਇਦ ਦੁਹਰਾਉਣ ਨਾਲ ਹੀ ਸ਼ਬਦਾਂ ਵਿੱਚ ਹੇਰ ਫ਼ੇਰ ਹੋ ਜਾਏ ਪਰ ਨਹੀਂ…ਮੌਕੇ ਭਾਅ ਪਰਮਿੰਦਰਜੀਤ ਖੜੋਤਾ ਅੱਖਾਂ ਪੂੰਝ ਰਿਹਾ ਸੀ।
ਅਜੇ ਦੋ ਦਿਨ ਪਹਿਲਾਂ ਹੀ ਭਾਅ ਮੈਨੂੰ ਫ਼ੋਨ'ਤੇ ਮੇਰੇ ਪੈਰ ਦੀ ਸੱਟ ਦਾ ਹਾਲ ਪੁੱਛ ਰਿਹਾ ਸੀ ਤੇ ਉਸ ਸੋਚਿਆ ਵੀ ਨਾ ਕਿ ਜਿਹੜੀ ਸੱਟ ਉਹ ਲਾ ਚੱਲਿਆ ਹੈ,ਉਸਦਾ ਤਾਂ ਮਰ੍ਹਮ ਵੀ ਅਜੇ ਤੱਕ ਨਹੀਂ ਬਣਿਆ।ਭਾਅ ਦੇ ਨਾਲ ਮੇਰੀ ਸਾਂਝ ਉਦੋਂ ਦੀ ਹੈ ਜਦੋਂ ਮੈਂ ਕੇਵਲ ਸਤਾਰਾਂ ਕੁ ਸਾਲਾਂ ਦਾ ਮੁੰਡਾ ਸਾਂ।ਭਾਅ ਲੋਅ ਪ੍ਰਿੰਟਰਜ਼ ਦੇ ਹਨੇਰੇ ਤੇ ਡੂੰਘੇ ਜਿਹੇ ਕਮਰੇ ਵਿੱਚ ਬੈਠਾ ਪਰੂਫ਼ ਰੀਡਿੰਗ ਕਰਦਿਆਂ ਆਪਣੀਆਂ ਨਿੱਕੇ ਨਿੱਕੇ ਸ਼ੀਸ਼ਿਆਂ ਵਾਲੀਆਂ ਐਨਕਾਂ ਦੇ ਉੱਤੋਂ ਦੀ ਵੇਖਦਾ।ਮੇਰੀ ਰਚਨਾ ਨੂੰ ਪੜ੍ਹ ਕੇ ਮਿੱਠੀ ਜਿਹੀ ਝਿੜਕ ਦਿੰਦਾ-ਜੇ ਤੂੰ ਜਗਜੀਤ ਗਿੱਲ ਨਾ ਹੁੰਦਾ ਤਾਂ ਮੈਂ ਤੈਨੂੰ ਕਹਿਣਾ ਸੀ 'ਜਾ ਚਲਾ ਜਾ ਇੱਥੋਂ'ਯਾਨਿ ਅਸਿੱਧੇ ਤਰੀਕੇ ਨਾਲ ਉਹ ਮੈਨੂੰ ਜਾਣ ਲਈ ਕਹਿੰਦਾ।ਇਸਦੇ ਪਿੱਛੇ ਉਸਦਾ ਤਰਕ ਇਹ ਸੀ ਕਿ ਮੈਂ ਹੁਸੈਨਪੁਰੇ ਚੌਂਕ ਵਿੱਚਲੇ ਠੇਕੇ ਤੋਂ 'ਮੁਗਲ ਮੁਨਾਰਕ' ਦਾ ਪਊਆ ਡੱਬ ਵਿੱਚ ਅੜਾ ਕੇ ਲੈ ਜਾਂਦਾ।
ਪਰ ਭਾਅ ਨੂੰ ਮੇਰੀ ਇਸ ਗੱਲ ਉੱਤੇ ਗੁੱਸਾ ਆ ਜਾਂਦਾ।ਉਸਦਾ ਕਹਿਣਾ ਸੀ ਕਿ ਪੜ੍ਹਣ ਲਿਖਣ ਦੀ ਉਮਰ ਵਿੱਚ ਜੇ ਮੈਂ ਨਸ਼ੇ ਕਰਨ ਲੱਗ ਪਿਆ ਤਾਂ ਪੰਜਾਬੀ ਨੂੰ ਚੰਗੇ ਲੇਖਕ ਕਿੱਥੋਂ ਮਿਲਣਗੇ।ਜਦੋਂ ਮੈਂ ਖ਼ੁਦ ਉੱਤੇ ਪਾਸ਼ ਦਾ ਪ੍ਰਭਾਵ ਹੋਣ ਦੀ ਗੱਲ ਕਰਦਾ ਤਾਂ ਉਹ ਮੈਨੂੰ 'ਕਿਸੇ' ਦੇ ਪ੍ਰਭਾਵ ਹੇਠ ਆਉਣ ਦੀ ਥਾਵੇਂ ਖ਼ੁਦ ਦਾ ਪ੍ਰਭਾਵ ਤੇ ਮੁਹਾਂਦਰਾ ਸਿਰਜਣ ਦੀ ਨਸੀਹਤ ਦਿੰਦਾ।ਇਹੀ ਕਾਰਣ ਹੈ ਕਿ ਆਖਰੀ 'ਅੱਖਰ' ਵਿੱਚ ਛਪੀ ਮੇਰੀ ਕਵਿਤਾ 'ਬੁੱਧ ਨਹੀਂ ਪਿਤਾ'ਦੀ ਗੱਲ ਉਸਨੇ ਵਿਸ਼ਾਲ ਕੋਲ ਕੀਤੀ।ਉਹ ਮੇਰੇ ਬਾਰੇ ਫ਼ਿਕਰਮੰਦ ਵੀ ਸੀ ਜਿਸਦਾ ਪਤਾ
ਇਸ ਗੱਲ ਤੋਂ ਲੱਗਦਾ ਹੈ ਕਿ ਸਿਰਫ਼ ਬਾਈ ਸਾਲ ਦੀ ਉਮਰ ਵਿੱਚ ਜਦੋਂ ਸੁਤੇ ਸਿੱਧ ਅਕਾਸ਼ਵਾਣੀ ਨੇ ਮੈਨੂੰ ਅਖ਼ਿਲ ਭਾਰਤੀ ਸਰਵ ਭਾਸ਼ਾ ਕਵੀ ਸੰਮੇਲਨ ਵਿੱਚ ਪੰਜਾਬੀ ਭਾਸ਼ਾ ਦੀ ਪ੍ਰਤੀਨਿਧਤਾ ਕਰਨ ਲਈ ਭੇਜਿਆ ਵਾਸਤੇ ਵਾਰਾਣਸੀ ਭੇਜਿਆ ਤਾਂ ਉਸਨੂੰ ਬਹੁਤ ਦੁੱਖ ਹੋਇਆ।ਉਸ ਕਿਹਾ ਕਿ ਬੱਸ ਹੁਣ ਤੂੰ ਛੇਤੀ ਖਤਮ ਹੋ ਜਾਣੈ।ਮੈਨੂੰ ਉਸਦੀ ਇਸ ਗੱਲ ਦਾ ਉਦੋਂ ਗੁੱਸਾ ਤਾਂ ਲੱਗਾ ਪਰ ਛੇਤੀ ਹੀ ਮਹਿਸੂਸ ਹੋ ਗਿਆ ਕਿ ਮੈਂ 'ਖ਼ਤ ਹੋਣ ਦਾ ਸੰਤਾਪ' ਤੋਂ ਬਾਦ ਕਵਿਤਾ ਦੇ ਅੰਬਰ ਤੋਂ ਗਾਇਬ ਹੋ ਗਿਆ।
ਉਦੋਂ ਸਭ ਤੋਂ ਵੱਡੇ ਬੇਟੇ ਰੂਪੀ ਦਾ ਜਨਮ ਅਜੇ ਹੋਇਆ ਹੀ ਸੀ।ਉਸਨੇ ਉਸੇ ਦੇ ਨਾਮ ਨਾਲ ਆਪਣਾ ਪ੍ਰਕਾਸ਼ਨ ਵੀ ਸ਼ੁਰੂ ਕੀਤਾ।ਮੈਨੂੰ ਸਦਾ ਮਾਣ ਰਹੇਗਾ ਕਿ ਰੂਪੀ ਪ੍ਰਕਾਸ਼ਨ ਦੀ ਮੁੱਢਲੀ ਪ੍ਰਕਾਸ਼ਨਾ ਮੇਰੀ ਪਹਿਲੀ ਕਾਵਿ ਕਿਤਾਬ ਸੀ-ਮੀਲ ਪੱਥਰਾਂ ਬਿਨ ਸ਼ਹਿਰ-ਜਿਸਨੂੰ ਉਸਨੇ ਬੜੀ ਰੀਝ ਨਾਲ ਛਾਪਿਆ ਸੀ ਤੇ ਭਾਅ ਨੇ ਮੇਰੀ ਕਿਤਾਬ ਦਾ ਮੁੱਖਬੰਧ ਵੀ ਲਿਖਿਆ ਸੀ।ਪਰ ਦੁੱਖ ਇਸ ਗੱਲ ਦਾ ਹੈ ਕਿ ਇਹੀ ਰੂਪੀ ਹੁਰੀਂ ਉਸਦੀ ਖੱਟੀ ਕਮਾਈ ਨੂੰ ਨਹੀਂ ਸਮਝ ਰਹੇ ਤੇ ਉਸਦੀ ਫ਼ਕੀਰੀ ਨੂੰ ਸਿੱਕਿਆਂ ਨਾਲ ਤੋਲਣਾ ਚਾਹੁੰਦੇ ਹਨ।ਇਹ ਮੈਂ ਇਸ ਲਈ ਕਹਿ ਰਿਹਾ ਹਾਂ ਕਿ ਉਸਦੇ ਜਾਣ ਪਿੱਛੋਂ ਜਦੋਂ ਅੱਖਰ ਨੂੰ ਜਾਰੀ ਰੱਖਣ ਦੀ ਗੱਲ ਚੱਲੀ ਤਾਂ ਉਸਦੇ ਪਰਿਵਾਰ ਨੇ ਸਭ ਤੋਂ ਪਹਿਲਾ ਸਵਾਲ ਇਹ ਕੀਤਾ ਕਿ ਕਿੰਨਾ ਕੁ ਬਚਦਾ ਹੈ ਅੱਖਰ'ਚੋਂ?ਚੰਗਾ ਹੋਇਆ ਭਾਅ ਤੂੰ ਵੇਲ਼ੇ ਨਾਲ ਚਲਾ ਗਿਐਂ…ਘੱਟੋ ਘੱਟ ਹੁਣ ਤੂੰ ਸਾਡੇ ਚੇਤਿਆਂ ਵਿੱਚ ਤਾਂ ਰਹੇਂਗਾ…
ਮੈਨੂੰ ਨਸ਼ੇ ਦੀਆਂ ਗੋਲ਼ੀਆਂ ਤੇ ਸ਼ਰਾਬ ਦੇ ਪਊਏ ਸਣੇ ਵੇਖ ਕੇ ਉਸਨੂੰ ਦੁੱਖ ਹੁੰਦਾ।ਉਸਦੀ ਪੂਰੀ ਵਾਹ ਸੀ ਕਿ ਮੈਨੂੰ ਇਸ ਪਾਸੇ ਤੋਂ ਮੋੜੇ।ਉਸਨੇ ਮੈਨੂੰ ਕਿਤਾਬ ਛਪਵਾਉਣ ਦੀ ਸਲਾਹ ਦਿੱਤੀ।ਬਾਰਾਂ ਤੇਰਾਂ ਭਾਵੁਕ ਤੇ ਅਤਿਭਾਵੁਕ ਕਵਿਤਾਵਾਂ ਲੈ ਕੇ ਉਸਨੇ ਕਿਤਾਬ ਛਾਪ ਦਿੱਤੀ।ਮੇਰੀ ਕਿਤਾਬ ਦੀ ਰਿਲੀਜ਼ ਮੌਕੇ ਡਾ.ਕੁਲਵੰਤ,ਪ੍ਰੋ.ਦਿਲਜੀਤਪਾਲ,ਅਜਾਇਬ ਹੁੰਦਲ,ਸੁਰਜੀਤ ਧਾਮੀ,ਪ੍ਰੋ:ਅਤੈ ਸਿੰਘ,ਸ਼ਿਆਮ ਸੁੰਦਰ ਦੀਪਤੀ ਹਾਜ਼ਰ ਸਨ।ਕਿਤਾਬ ਰਿਲੀਜ਼ ਨਿਰਮਲ ਅਰਪਣ ਨੇ ਕਰਨੀ ਸੀ।ਨਿਰਮਲ ਅਰਪਨ ਉਨ੍ਹੀਂ ਦਿਨੀਂ ਆਮ ਵਿਅਕਤੀ ਨਹੀਂ ਸਨ।ਉਦੋਂ ਉਹ ਪੱਟੀ ਰਹਿੰਦੇ ਸਨ ਤੇ ਉਹ ਆਮ ਪ੍ਰੋਗਰਾਮਾਂ ਵਿੱਚ ਨਹੀਂ ਸਨ ਜਾਂਦੇ ਜਿਵੇਂ ਕਿ ਅੱਜ ਕੱਲ੍ਹ ਜਾਂਦੇ ਹਨ।ਸਮਾਗਮ ਲੇਟ ਹੋ ਗਿਆ ਹੈ ਤਾਂ ਉਹ ਨਾਰਾਜ਼ ਹੋ ਕੇ ਚਲੇ ਗਏ।ਪ੍ਰੋ: ਅਤੈ ਸਿੰਘ ਹੁਰਾਂ ਮੇਰੀ ਕਿਤਾਬ ਰਿਲੀਜ਼ ਕੀਤੀ।ਸਿਰਫ਼ ਇੱਕ ਹਜ਼ਾਰ ਰੁਪਏ ਦੇ ਖ਼ਰਚੇ ਵਿੱਚ ਛਪੀ ਇਸ ਕਿਤਾਬ ਦੇ ਰਿਲੀਜ਼ ਸਮਾਰੋਹ ਉੱਤੇ ਸਿਰਫ਼ ਪਚਾਸੀ ਰੁਪਏ ਖਰਚ ਆਇਆ।ਆਏ ਮਹਿਮਾਨਾਂ ਦੀ ਭਾਅ ਨੇ ਸੇਵਾ ਕੀਤੀ।ਪੰਦਰਾਂ ਪੈਸਿਆਂ ਵਾਲੇ ਕਾਰਡਾਂ ਉੱਤੇ ਆਏ ਵੱਡੇ ਵੱਡੇ ਸ਼ਾਇਰਾਂ ਨੇ ਭਾਅ ਦੇ ਮੂੰਹ ਨੂੰ ਮੇਰੇ ਵਰਗੇ ਨਿੱਕੇ ਜਿਹੇ ਸ਼ਾਇਰ ਦੀ ਕਿਤਾਬ ਰਿਲੀਜ਼ ਦੇ ਮੌਕੇ ਹਾਜ਼ਰੀ ਭਰੀ।ਉਦੋਂ ਅੱਜ ਵਾਂਙ ਆਲੋਚਕਾਂ ਨੂੰ 'ਮਿਹਨਤਾਨਾ' ਦੇ ਕੇ ਮਰਜ਼ੀ ਦੇ ਪੇਪਰ ਲਿਖਵਾਉਣ ਦਾ ਰਿਵਾਜ਼ ਨਹੀਂ ਸੀ ਤੇ ਨਾ ਹੀ ਆਪਣੇ ਖਰਚੇ ਉੱਤੇ ਕਰਵਾਈਆਂ ਜਾਂਦੀਆਂ ਗੋਸ਼ਟੀਆਂ ਵਿੱਚ ਚੰਗਾ ਚੋਖਾ ਖੁਆਉਣ ਦਾ।ਚਾਹ ਤੇ ਮੱਠੀਆਂ ਤੋਂ ਬਾਦ ਸਭ ਦਾ ਧੰਨਵਾਦ ਕਰ ਦਿੱਤਾ ਗਿਆ ਸੀ।
ਉਹ ਇੱਕੋ ਇੱਕ ਐਸਾ ਬੰਦਾ ਸੀ ਜਿਸਨੇ ਕਦੀ ਕਿਸੇ ਸਨਮਾਨ ਵਾਸਤੇ ਲੇਲੜ੍ਹੀਆਂ ਨਹੀਂ ਸੀ ਕੱਢੀਆਂ ਹਾਲਾਂਕਿ ਉਸਦੀ ਕਵਿਤਾ ਦੀ ਉਂਗਲ ਫ਼ੜ ਕੇ ਲਿਖਣਾ ਸਿੱਖੇ ਕਵੀਆਂ ਨੂੰ ਕਈ ਇਨਾਮ ਮਿਲ ਵੀ ਗਏ ਹਨ।ਭਾਅ ਕਈ ਵਾਰ ਰੌਂਅ ਵਿੱਚ ਆਇਆ ਇਹੋ ਜਿਹਿਆਂ ਨੂੰ ਆਪਣੀਆਂ ਗਾਲ਼ਾਂ ਵਿੱਚ ਯਾਦ ਵੀ ਕਰਦਾ ਹੁੰਦਾ ਸੀ ਤੇ ਇਹੋ ਜਿਹਿਆਂ ਨੂੰ ਸਨਮਾਨਿਤ ਕਰਨ ਵਾਲਿਆਂ ਦੀ ਧੀ ਭੈਣ ਵੀ ਇੱਕ ਕਰਦਾ ਹੁੰਦਾ ਸੀ ਪਰ ਫ਼ਿਰ ਵੀ ਉਸਦੇ ਇਸ ਸਭ ਪਿੱਛੇ ਉਸਦੀ ਸਨਮਾਨ ਵਾਸਤੇ ਭੁੱਖ ਨਹੀਂ ਸੀ ਝਲਕਦੀ।
ਰੌਂਅ ਵਿੱਚ ਆਇਆ ਭਾਅ ਤਾਂ ਪਾਸ਼ ਵਰਗੇ ਕਵੀ ਦੀਆਂ ਪਰਤਾਂ ਫ਼ਰੋਲਣ ਵਿੱਚ ਵੀ ਕਸਰ ਨਹੀਂ ਸੀ ਛੱਡਦਾ ਹਾਲਾਂਕਿ ਪਾਸ਼ ਦੇ ਝੋਲ਼ੀ ਚੁੱਕ,ਅਖੌਤੀ ਕਾਮਰੇਡ ਕਿਸਮ ਦੇ ਸ਼ਾਇਰ ਜਿਹੜੇ ਕਦੀ ਆਪਣੇ ਖਿੱਤੇ ਦੇ ਚਾਰ ਕੁ ਲੋਕਾਂ ਵਿੱਚ ਹੀ ਜਾਣੇ ਜਾਂਦੇ ਹਨ,ਵੀ ਪਾਸ਼ ਨੂੰ 'ਵੱਡਾ ਕਵੀ' ਸਾਬਿਤ ਕਰਨ ਲਈ ਹੀ ਜ਼ੋਰ ਲਾ ਦਿੰਦੇ ਹਨ।ਅਜਿਹੇ ਬੰਦਿਆਂ ਨੇ ਭਾਅ ਦੀ ਕਵਿਤਾ ਦੇ ਕੱਦ ਨੂੰ ਕਦੀ ਸਹੀ ਤਰ੍ਹਾਂ ਨਹੀਂ ਮਾਪਿਆ।ਭਾਅ ਦਾ ਇਹ ਸੁਭਾਅ ਭਾਵੇਂ ਕਿਸੇ ਨੂੰ ਪਸੰਦ ਨਹੀਂ ਸੀ ਪਰ ਸਾਰੇ ਉਸਦੀ ਪਿੱਠ ਪਿੱਛੇ ਇਸ ਸੁਭਾਅ ਦੀ ਤਾਰੀਫ਼ ਹੀ ਕਰਦੇ।
ਅੱਜ ਭਾਅ ਸਾਡੇ ਵਿੱਚ ਨਹੀਂ ਹੈ ਪਰ ਉਹ ਹਮੇਸ਼ਾਂ ਸਾਡੇ ਵਿੱਚ ਹੀ ਰਹੇਗਾ।ਮੈਂ ਉਸਨੂੰ ਯਾਦ ਕਰਦਿਆਂ ਇਹ ਸਤਰਾਂ ਲਿਖੀਆਂ ਹਨ-
ਉਹ ਮਿਲਿਆ
ਬੜੀਆਂ ਗੱਲਾਂ ਕੀਤੀਆਂ
ਫ਼ਿਰ ਗੱਲਾਂ ਮੁੱਕ ਗਈਆਂ
ਤੇ ਚੁੱਪ ਛਾਅ ਗਈ
ਉਹ ਪਰਤ ਗਿਆ…
ਉਹ ਫ਼ਿਰ ਮਿਲਿਆ
ਫ਼ਿਰ ਕਿੰਨੀਆਂ ਗੱਲਾਂ ਕੀਤੀਆਂ
ਪਰ ਫ਼ਿਰ ਗੱਲਾਂ ਮੁੱਕ ਗਈਆਂ
ਚੁੱਪ ਫ਼ਿਰ ਛਾਅ ਗਈ
ਉਹ ਫ਼ਿਰ ਪਰਤ ਗਿਆ…
ਉਹ ਐਤਕੀਂ ਫ਼ਿਰ ਮਿਲਿਆ
ਢੇਰ ਗੱਲਾਂ ਕੀਤੀਆਂ
ਮੁੱਕੀਆਂ ਨਹੀਂ ਸਨ ਜੋ ਅਜੇ
ਪਤਾ ਨਹੀਂ ਕਿਉਂ ਪਰ,
ਚੁੱਪ ਛਾਅ ਗਈ,
ਹਾਲਾਂਕਿ ਉਹ ਕਿਤੇ ਨਹੀਂ ਗਿਆ…

No comments:

Post a Comment