Saturday, October 31, 2015

ਕਵਿਤਾਵਾਂ:ਮਲਕੀਤ ਬਸਰਾ

ਧਾਗਾ ਕੱਚਾ
ਮੈਂ
ਦਿਲ ਦੇ ਗਮਲੇ
ਬੀਜ ਬੀਜਿਆ
ਤੇਰੀ ਮੁਹੱਬਤ ਦਾ
ਪੌਦਾ ਉਗਿਆ
ਤੇਰੇ ਭਰੋਸੇ ਦਾ।
ਸੂਹੇ ਸੂਹੇ
ਫੁੱਲ ਤੇਰੀ ਪ੍ਰੀਤ ਦੇ।
ਪਰੋਅ ਕੇ ਸੁੱਚੇ ਫੁੱਲ
ਚਾਹਿਆ
ਹਾਰ ਬਣਾਵਾਂ
ਆਪਣੇ ਗਲ਼ ਪਾਵਾਂ
ਨਾਲ ਮਹਿਕ
ਭਰ ਜਾਵਾਂ

ਪਰ
ਧਾਗਾ
ਤੇਰੇ ਵਿਸ਼ਵਾਸ਼ ਦਾ
ਕੱਚਾ!
ਖਿੱਲਰ ਗਏ।
ਸੂਹੇ ਫੁੱਲ
ਗਏ ਮਿੱਧੇ।

ਨਵੀਂ ਸੋਚ
ਮੈਂ ਸੀਮਤ ਨਹੀ ਰਹਿਣਾ ਚਾਹੁੰਦੀ
ਸਿਰਫ ਆਪਣੇ ਆਪ ਤੱਕ
ਜਾਂ
ਆਪਣੇ ਪਰਿਵਾਰ ਤੱਕ
ਮੈਂ ਤਾਂ
ਨੀਲੇ ਅਸਮਾਨ ਤੱਕ
ਖਿਲਰਨਾ ਲੋਚਦੀ ਹਾਂ।
ਫੜਨਾ ਚਾਹੁੰਦੀ ਹਾਂ ਮੈਂ
ਜ਼ਿੰਦਗੀ ਦੇ ਸੱਤ ਰੰਗ
ਸੱਤ ਸੁਰਾਂ ਤੇ ਸੱਤ ਰਾਗ।
ਨਾ ਹੀ ਬਣਨਾ ਮੈਂ
ਕਿਸੇ ਜੋਤਸ਼ੀ ਜਾਂ
ਤਾਂਤਰਿਕ ਦੀ ਕਠਪੁਤਲੀ
ਨਾ ਹੀ ਤੁਰਨਾ ਮੈਂ
ਹਨੇਰਾ ਖਿਲਾਰਦੀਆਂ ਲਕੀਰਾਂ ਮਗਰ।
ਮੈਂ ਤਾਂ ਪਾਉਣੀਆਂ
ਨਵੀਆਂ ਪੈੜ੍ਹਾਂ
ਨਵੀਂ ਸੋਚ ਦੀਆਂ
ਉਸਾਰੂ ਸੋਚ ਦੀਆਂ
ਨਵੀਂ ਨਰੋਈ ਸਿਰਜਣਾ ਦੀਆਂ
ਆਉ
ਸਾਰੇ ਤੁਰੀਏ ਇੱਕੱਠੇ
ਇਕ ਦੂਜੇ ਦਾ
ਬਣਕੇ ਪ੍ਰਛਾਂਵਾਂ।
ਜਿੰਦਗੀ ਦੇ ਔਖੇ-ਸੌਖੇ ਪਲ
ਬਦਲਦੀਆਂ ਰੁੱਤਾਂ ਵਾਂਗ
ਆਉਂਦੇ- ਜਾਂਦੇ ਰਹਿਣ ਬੇਸ਼ੱਕ!

ਗੀਤ
ਗਲ਼ੀ ਗਲ਼ੀ ਮੈਂ ਦੇਵਾਂ ਹੋਕਾ
ਦਿਲ ਦਰਵਾਜੇ ਖੋਲ੍ਹਕੇ ਲੋਕਾ
ਲਫਜ਼ਾਂ ਨੂੰ ਝੋਲ਼ੌ ਪਾ ਦਿਉ, ਮੈਂ ਗੀਤ ਬਣਾਉਣਾ।

ਦੁੱਖਾਂ ਦੀ ਪੰਡ ਨਾ ਚਾਇਉ
ਸਾਰੀ ਮੇਰੇ ਹੱਥ ਫਵਾਇਉ
ਦਰਦਾਂ ਨੂੰ ਪੱਲੇ ਪਾ ਦਿਉ, ਮੈਂ ਮੀਤ ਬਣਾਉਣਾ।

ਇਕ ਦੂਜੇ ਤੋਂ ਸੜਨਾ ਛੱਡਕੇ
ਐਂਵੇ ਮਰਨਾ ਲੜਨਾ ਛੱਡਕੇ
ਭਾਂਬੜ ਨੂੰ ਕਾਸੇ ਪਾ ਦਿਉ, ਮੈਂ ਸੀਤ ਬਣਾਉਣਾ।

'ਨੇਰ ਮਨਾਂ ਦੇ ਦੂਰ ਭਜਾਕੇ
ਪਿਆਰ ਮਹੱਬਤ ਝੋਲ਼ੀ ਪਾਕੇ
ਮੈਂਨੂੰ ਚਾਨਣ ਵੰਡਣ ਲਾਦਿਉ, ਮੈਂ ਰੀਤ ਬਣਾਉਣਾ।

ਅਮਨਾਂ ਦੇ ਮਿਲ਼ ਬੂਟੇ ਲਾਈਏ
ਸਾਂਝਾਂ ਦਾ ਰਲ਼ ਪਾਣੀ ਪਾਈਏ
ਮੋਹ ਰੱਤੇ ਬੋਲ ਸਿਖਾ ਦਿਉ, ਮੈਂ ਪ੍ਰੀਤ ਬਣਾਉਣਾ।

ਮਲਕੀਤ ਬਸਰਾ

No comments:

Post a Comment