Saturday, October 3, 2015

ਪ੍ਰਮਿੰਦਰਜੀਤ ਤੇ ਉਸਦੀ ਕਵਿਤਾ ਦੇ ਸਬੰਧ ਵਿਚ ਸਰੋਦ ਸੁਦੀਪ ਤੇ ਅਵਤਾਰ ਜੌੜਾ ਦੇ ਵਿਚਾਰ

ਪ੍ਰਮਿੰਦਰਜੀਤ ਦੇ ਪੈਰ ਜੰਗਲ ਦੀ ਅਵਾਜ਼ ਹਨ:ਸਰੋਦ ਸੁਦੀਪ

ਇਕ ਨਾ ਦੱਸੀ ਜਾਣ ਵਾਲੀ ਬਰੀਕ ਜਿਹੀ ਤੰਦ ਪ੍ਰਮਿੰਦਰਜੀਤ ਅਤੇ ਦੇਵਿੰਦਰ ਸਤਿਆਰਥੀ ਨੂੰ ਜੋੜਦੀ ਹੈ। ਕਮਾਲ ਇਸ ਗੱਲ ਵਿਚ ਹੈ ਕਿ ਜਿਥੇ ਇਹ ਤੰਦ ਦੋਹਾਂ ਨੂੰ ਜੋੜਨ ਲਗਦੀ ਹੈ। ਉਥੋਂ ਹੀ ਨਿਖੇੜ ਸ਼ੁਰੂ ਹੋ ਜਾਂਦਾ ਹੈ । ਇਸ ਦਾ ਉੱਤਰ ਇਮਤਿਹਾਨ ਵਿੱਚ ਆਏ ਪ੍ਰਸ਼ਨਾਂ ਵਾਂਗ ਸਿੱਧਾ ਨਹੀਂ । ਦੋਹੇਂ ਬੇਲਗਾਮ ਘੋੜੇ ਹਨ । ਅੱਥਰ। ਅੱਖੜ। ਪਰ ਕੂਲੇ । ਦੋਵਾਂ ਨੇ ਦੋਸਤ ਬਣਾਏ । ਸਤਿਆਰਥੀ ਦਾ ਰਸੂਖ਼ ਮਹਾਤਮਾ ਗਾਂਧੀ ਟੈਗੋਰ ਮੁਨਸ਼ੀ ਪ੍ਰੇਮ ਚੰਦ ਅਤੇ ਪ੍ਰਤਿਭਾਸ਼ਾਲੀ ਲੇਖਕਾਂ ਤਕ ਸੀ । ਪ੍ਰਮਿਖ਼ਦਰਜੀਤ ਨੇ ਵੀ ਚੰਗੇ ਦੋਸਤ ਕਮਾਏ ਹਨ । ਸਾਧਨ ਦੋਹਾਂ ਦੇ ਵੱਖ ਵੱਖ । ਇਕ ਨੇ ਲੋਅ/ਅੱਖਰ ਰਾਹੀਂ । ਦੂਜੇ ਨੇ ਪੈਦਲ ਯਾਤਰਾ ਰਾਹੀਂ । ਬਾਕੀ ਲੇਖਕਾਂ ਨਾਲੋਂ ਇਹ ਅਸਲੋਂ ਵੱਖ ਖੜ੍ਹੇ ਦਿਖਾਈ ਦਿੰਦੇ ਹਨ । ਦੋਹੇਂ ਗ੍ਰਹਿਸਥੀ ਹੋ ਕੇ ਵੀ ਗ੍ਰਹਿਸਥੀ ਨਹੀਂ ਹਨ । ਬਹੁਤੀ ਪੜ੍ਹਾਈ ਦੋਹਾਂ ਕੋਲ ਨਹੀਂ । ਬਹੁਤੀ ਪੜ੍ਹਾਈ ਗੁਰੂ ਨਾਨਕ ਪੈਦਾ ਨਹੀਂ ਕਰਦੀ । ਦੋਹਾਂ ਦਾ ਰੈਣਬਸੇਰਾ ਅੱਖਰਾਂ ਹੇਠ । ਥੋੜ੍ਹੀ ਬਹੁਤ ਸ਼ਰਾਰਤ ਦੋਹਾਂ ਕੋਲ । ਦੋਹਾਂ ਦੇ ਚਿਹਰਿਆਂ 'ਤੇ ਜੂਮੀ ਮਿੱਟੀ 'ਤੇ ਹੱਥ ਫੇਰਦੇ ਜਾਓ ਹੇਠੋਂ ਸੋਨਾ ਨਿਕਲਦਾ ਆਉਂਦਾ ਹੈ । ਇਹ ਸੋਨਾ ਹੀ ਦੋਹਾਂ ਨੂੰ ਇਕ ਤੰਦ ਵਿਚ ਪਰੋਣ ਵਿੱਚ ਰੁੱਝਾ ਰਹਿੰਦਾ ਹੈ । ਲਉ ਇਸ ਜੁੜੀ ਤੰਦ ਨੂੰ ਦੇਵਿੰਦਰ ਸਤਿਆਰਥੀ ਦੀ ਇਕ ਕਵਿਤਾ ਦੀਆਂ ਸਤਰਾਂ ਦੇ ਮੁਖ਼ਾਤਿਬੀ ਲਹਿਜੇ ਵਿੱਚ ਦੇਖੀਏ...
ਚੀਨ ਤੋਂ ਆਇਆ ਪ੍ਰਮਿਖ਼ਦਰਜੀਤ
ਕਥਾ ਤੁਰੀ ਯੂਨਾਨ ਤੋਂ
ਉਡਿਆ ਜਿਵੇਂ ਕਬੂਤਰ ਪ੍ਰਮਿੰਦਰਜੀਤ ਦੇ ਪੈਰ ਜੰਗਲ ਦੀ ਆਵਾਜ਼ ਹਨ ।

ਪ੍ਰਮਿੰਦਰਜੀਤ ਦੀ ਪੁਸਤਕ 'ਮੇਰੀ ਮਾਰਫ਼ਤ' ਦੇ ਸੰਦਰਭ 'ਚ ਪ੍ਰੋ. ਅਵਤਾਰ ਜੌੜਾ ਦੇ ਵਿਚਾਰਪੱਛਮੀ ਚਿੰਤਨ ਦੀ ਆਮਦ ਨੇ ਭਾਰਤੀ ਵਿਚਾਰਧਾਰਾਈ ਸੰਕਲਪਾਂ ਵਿਚ ਨਵੀਆਂ ਪਰਤਾਂ ਹੀ ਨਹੀਂ ਜੋੜੀਆਂ, ਕੁਝ ਵਿਰੋਧਾਭਾਸ ਵੀ ਉਪਜਾਏ ਹਨ, ਇਹਨਾਂ ਨੇ ਸਾਹਿਤ ਲੇਖਣ, ਸਮਝ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ । ਇਹਨਾਂ ਦੀ ਵਕਤੀ ਪਹੁੰਚ ਰਾਹੀਂ ਸਥਾਪਤੀ ਦੀ ਦੌੜ ਵਿਚ ਪੈਣ ਵਾਲਿਆਂ ਲੇਖਕਾਂ ਜ਼ਿੰਦਗੀ ਦੀਆਂ ਲੋੜਾਂ, ਥੁੜ੍ਹਾਂ, ਤਲਖੀਆਂ, ਤੁਰਸ਼ੀਆਂ, ਚਾਹਤਾਂ, ਅਪ੍ਰਾਪਤੀਆਂ, ਸਮਾਜ, ਧਰਮ, ਆਰਥਿਕਤਾ, ਨੈਤਿਕਤਾ ਦੀ ਟੁੱਟ ਭੱਜ ਵਿਚ ਪਿਸ ਰਹੇ ਵਿਅਕਤੀ ਵੱਲ ਪਿੱਠ ਕਰਕੇ ਜਸ਼ਨ ਨੂੰ ਮਹੱਤਵ ਦਿੱਤਾ। ਬਣਦੀ ਜ਼ਿੰਮੇਵਾਰੀ ਤੋਂ ਬਚਣ ਲਈ ਕੋਰੀ ਆਂਤਰਿਕਤਾ ਵਿਚ ਗੁੰਮ ਗੁਆਚ ਗਏ । ਇਸ ਸਾਰੇ ਮਾਹੌਲ ਵਿਚ ਵਿਅਕਤੀ, ਜੀਵਨ, ਨਰੋਈਆਂ ਕਦਰਾਂ ਕੀਮਤਾਂ, ਰਿਸ਼ਤੇ ਮੋਹ ਮੁਹੱਬਤ ਜਿਵੇਂ ਹਾਸ਼ੀਏ 'ਤੇ ਪਹੁੰਚ ਗਏ ਹੋਣ । ਮੇਰੀ ਮਾਰਫ਼ਤ ਰਾਹੀਂ ਪ੍ਰਮਿੰਦਰਜੀਤ ਇਸ ਸਭ ਕੁਝ ਨੂੰ ਹਾਸ਼ੀਏ ਤੇ ਕੇਂਦਰ ਵਿਚ ਲਿਆਉਣ ਲਈ ਯਤਨਸ਼ੀਲ ਹੈ ।
ਪ੍ਰਮਿੰਦਰਜੀਤ ਅਨੁਭਵੀ, ਜ਼ਹੀਨ ਲੇਖਕ ਵੀ ਹੈ ਅਤੇ ਪਾਠਕ ਵੀ, ਜੋ ਨਰੋਈਆਂ ਕਦਰਾਂ ਕੀਮਤਾਂ ਦੀ ਸੂਝ ਸਮਝ ਰੱਖਦਾ ਹੀ ਨਹੀਂ, ਉਹਨਾਂ ਦੀ ਪੈਰਵੀ ਵੀ ਕਰਦਾ ਹੈ । ਮੇਰੀ ਮਾਰਫ਼ਤ ਵਿਚ ਉਹ ਲਿਖਦਾ ਹੈ, ''ਮੇਰੀਆਂ ਨਜ਼ਮਾਂ ਮੇਰੇ ਵਰਗੀਆਂ ਜ਼ਰੂਰ ਹਨ । ਇਨ੍ਹਾਂ ਵਿਚ ਮੇਰੀ ਹੀ ਅੱਖ ਦਾ ਤੇਜ ਹੈ, ਮੇਰੇ ਹੀ ਪੈਰਾਂ ਦਾ ਸਫ਼ਰ ਹੈ, ਮੇਰੇ ਸਿਰ 'ਤੇ ਮੇਰੇ ਹੀ ਹਿੱਸੇ ਦੀ ਲਿਸ਼ਕਦੀ ਧੁੱਪ ਛਾਂ ਹੈ, ਮੇਰੀਆਂ ਹੀ ਉਦਾਸੀਆਂ, ਵਿਗੋਚੇ ਤੇ ਸੰਸੇ ਹਨ । ਇਸ ਸਭ ਕੁਝ ਨੂੰ ਆਪਣੇ ਵਰਗੇ ਹੋਰਨਾਂ ਦੀਆਂ ਹਿੱਕਾਂ ਦੇ ਕਿੰਨਾ ਕੁ ਨੇੜੇ ਲਿਜਾ ਸਕਿਆ ਹਾਂ, ਇਹ ਤਾਂ ਉਹ ਹੀ ਦੱਸਣਗੇ । ਆਪਣੇ ਰਾਹੀਂ ਸਦਾ ਹੀ ਕਿਸੇ ਮਨੋ-ਸਥਿਤੀ, ਕਿਸੇ ਚਿਹਰੇ ਜਾਂ ਸਮਕਾਲੀ, ਯਥਾਰਥ ਨੂੰ ਮੁਖ਼ਾਤਿਬ ਰਿਹਾ ਹਾਂ । ਆਪਣੇ ਨਿੱਜ ਤੋਂ ਕਈ ਹੋਰ ਨਿੱਜ ਤਲਾਸ਼ ਕੀਤੇ ਹਨ ।''
'ਮੇਰੀ ਮਾਰਫ਼ਤ' ਦੋ ਹਿੱਸਿਆਂ ਦੀ ਧਾਰਨੀ ਹੈ, ਪਹਿਲਾ ਹੈ 'ਜ਼ਿੰਦਗੀ ਦੇ ਸਿਰਨਾਵੇਂ' ਅਤੇ ਦੂਸਰਾ ਹੈ 'ਧੁਆਂਖੇ ਚੇਤੇ' । ਦੋ ਹਿੱਸੇ ਹੋਣ ਦੇ ਬਾਵਜੂਦ ਮਾਨਵੀ ਰਿਸ਼ਤਿਆਂ, ਵਰਤਾਰੇ, ਸਰੋਕਾਰਾਂ, ਚਿੰਤਾਵਾਂ ਕਰਕੇ ਵਖਰੇਵੇਂ ਦੀ ਥਾਂ ਇਕ ਸਾਂਝ ਰੱਖਦੇ ਹਨ । ਪਹਿਲਾਂ ਦੱਸੇ ਪਰਿਵੇਸ਼ ਵਿਚ ਆਪਣੇ ਸਮਕਾਲ ਦੌਰਾਨ ਵਿਅਕਤੀ ਜੋ ਧੁਖ ਰਿਹਾ ਹੈ, ਬਲ ਰਿਹਾ ਹੈ, ਜੀਅ ਰਿਹਾ ਹੈ, ਹੱਸ ਰਿਹਾ ਹੈ, ਟੁੱਟ ਰਿਹਾ ਹੈ, ਰੋ ਰਿਹਾ ਹੈ, ਇਸ ਸੰਗ੍ਰਹਿ ਦੀ ਸ਼ਾਇਰੀ ਉਸਦਾ ਹੀ ਹੀ ਪਰਤੌ ਹੈ । ਉਹ ਉਪਰੋਕਤ ਸਥਿਤੀਆਂ ਦੀ ਮਹਿਜ ਪੇਸ਼ਕਾਰੀ ਨਹੀਂ ਕਰਦਾ, ਸਗੋਂ ਉਹਨਾਂ ਪਿੱਛੇ ਕਾਰਜਸ਼ੀਲ ਕਾਰਨਾਂ ਦੀਆਂ ਪਰਤਾਂ ਫਰੋਲਣ ਲਈ ਯਤਨਸ਼ੀਲ ਹੀ ਨਹੀਂ, ਕੁਝ ਦੀ ਨਿਸ਼ਾਨਦੇਹੀ ਵੀ ਕਰਦਾ ਹੈ । ਇਸ ਲਈ ਹੀ 'ਜ਼ਿੰਦਗੀ ਦੇ ਸਿਰਨਾਵੇਂ' ਹਿੱਸੇ ਵਿਚਲੀ ਕਵਿਤਾ ਰਾਹੀਂ ਉਹ ਮਨੁੱਖ ਦੇ ਹੋਣ-ਥੀਣ ਦੇ ਵੱਡੇ ਸਮਾਜਕ ਸਰੋਕਾਰਾਂ ਨਾਲ ਸੰਵਾਦ ਰਚਾਉਂਦਾ ਹੈ । ਉਸਦਾ ਇਹ ਯਤਨ 'ਅਣਹੋਣੀਆਂ ਦੇ ਅਣਲਿਖੇ ਇਤਿਹਾਸ' ਨੂੰ ਪੜ੍ਹਨ ਦਾ ਸਸ਼ਕਤ ਉਪਰਾਲਾ ਹੈ । ਇਸ ਲਈ ਹੀ ਉਹ ਲਿਖਦਾ ਹੈ, ''ਕਵਿਤਾ ਮੇਰੇ ਲਈ ਆਪਣੇ ਤੇ ਆਪਣੀ ਪੀੜ੍ਹੀ ਦੇ ਸੰਤਾਪ ਦੀਆਂ ਤੈਹਾਂ ਵਿੱਚੋਂ ਗੁਜ਼ਰਨ ਦਾ ਨਾਂ ਹੈ ।''

No comments:

Post a Comment